ਸੰਗਰੂਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਸਰਗਰਮੀਆਂ ਹੋਈਆਂ ਤੇਜ਼

07/04/2022 6:26:29 PM

ਧਰਮਕੋਟ (ਅਕਾਲੀਆਂਵਾਲਾ) : ਪੰਜਾਬ ’ਚ ਲੋਕ ਸਭਾ ਹਲਕਾ ਸੰਗਰੂਰ ਤੋਂ ਹੋਈ ਜ਼ਿਮਨੀ ਚੋਣ ਨੇ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਗੇੜਾ ਦਿੱਤਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੱਤੀ ਗਈ ਇਸ ਸੀਟ ਨੇ ਜ਼ਮੀਨੀ ਪੱਧਰ ਤੱਕ ਮੁੜ ਨਵੀਂਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੋ ਕਿ ਦੋ ਦਹਾਕਿਆਂ ਤੋਂ ਲਗਭਗ ਹਾਰ ਦਾ ਸਾਹਮਣਾ ਕਰ ਰਹੇ ਸਨ। ਜ਼ਿਮਨੀ ਚੋਣ ਵਿਚ ਹੋਈ ਪਾਰਟੀ ਦੀ ਇਹ ਜਿੱਤ ਆਗੂਆਂ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿ ਇਸ ਜਿੱਤ ਨੇ ਉਨ੍ਹਾਂ ਦੇ ਵਿਚ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੱਤਾ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਰਵਾਇਤੀ ਪਾਰਟੀਆਂ ਸ਼ਾਮਲ ਹਨ, ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਪਿਛਲੇ ਦੋ ਦਹਾਕਿਆਂ ਦੌਰਾਨ ਵਾਰੋ-ਵਾਰੀ ਸੱਤਾ ’ਤੇ ਕਾਬਜ਼ ਰਹੀਆਂ ਹਨ। ਇਸ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਧ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਵੀ ਕੋਈ ਆਪਣਾ ਪ੍ਰਭਾਵ ਨਹੀਂ ਛੱਡ ਸਕਿਆ।

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਿੰਡਾਂ ਵਿਚੋਂ ਸੱਦੇ ਮਿਲਣੇ ਸ਼ੁਰੂ

ਆਪਣੀ ਖੁੱਸੀ ਹੋਈ ਜ਼ਮੀਨ ਨੂੰ ਮੁੜ ਬਹਾਲ ਕਰਨ ਲਈ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਦਿੱਤੀ ਗਈ ਮੁੜ ਜਿੱਤ ਦੀ ਆਕਸੀਜਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਜਿਹੀ ਸਿਆਸੀ ਆਕਸੀਜਨ ਭਰ ਦਿੱਤੀ ਹੈ ਕਿ ਉਹ ਭਵਿੱਖ ਦੀਆਂ ਚੋਣਾਂ ਅਤੇ ਪਾਰਟੀ ਦੀ ਮਜ਼ਬੂਤੀ ਦੇ ਮੁੜ ਸਰਗਰਮ ਹੋ ਗਏ ਹਨ। ਪਾਰਟੀ ਆਗੂਆਂ ਨੂੰ ਪਿੰਡਾਂ ਸ਼ਹਿਰਾਂ ਵਿਚੋਂ ਸੱਦੇ ਮਿਲਣੇ ਸ਼ੁਰੂ ਹੋ ਗਏ ਹਨ। ਪਿੰਡਾਂ ਵਿਚ ਇਕਾਈਆਂ ਅਤੇ ਬਲਾਕ ਪੱਧਰ ਤੱਕ ਅਹੁਦੇਦਾਰੀਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਨੂੰ ਦਾਅਵਤ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਬਲਰਾਜ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕਾ ਧਰਮਕੋਟ ਦੇ ਵਿਚ ਸਿਮਰਨਜੀਤ ਸਿੰਘ ਮਾਨ ਦੀ ਚੋਣ ਤੋਂ ਬਾਅਦ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਗਈ ਹੈ ਅਤੇ ਲੋਕ ਵੀ ਉਨ੍ਹਾਂ ਨੂੰ ਦਾਅਵਤ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੁਘੀਪੁਰਾ ਵਿਚ ਮੀਟਿੰਗ ਕੀਤੀ, ਜਿਸ ਦੌਰਾਨ ਸਹਿਜਪਾਲ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਬਲਦੇਵ ਸਿੰਘ, ਸੁਰਜਨ ਸਿੰਘ, ਹਰਪ੍ਰੀਤ ਸਿੰਘ, ਗੁਰਬਖਸ਼ ਸਿੰਘ ਕਰਮ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

ਹਰ ਪਿੰਡ ’ਚ ਹੋਵੇਗਾ ਗਿਆਰਾਂ ਮੈਂਬਰੀ ਕਮੇਟੀ ਦਾ ਵਿਸਥਾਰ : ਖਾਲਸਾ

ਬਲਰਾਜ ਸਿੰਘ ਖਾਲਸਾ ਨੇ ਦੱਸਿਆ ਕਿ ਪੂਰੇ ਪੰਜਾਬ ’ਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਪਿੰਡ ਪੱਧਰ ਤੱਕ ਇਕਾਈਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹਰ ਪਿੰਡ ਦੇ ਵਿਚ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਹੋਵੇਗਾ। ਇਸ ਤੋਂ ਇਲਾਵਾ ਬਲਾਕ ਪੱਧਰ ਅਤੇ ਹਲਕਾ ਪੱਧਰ ਦੇ ’ਤੇ ਅਹੁਦੇਦਾਰ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੋਣ ਤੋਂ ਬਾਅਦ ਪਾਰਟੀ ਦੇ ਨਾਲ ਜੁੜਨ ਲਈ ਲੋਕਾਂ ਵਿਚ ਉਤਸ਼ਾਹ ਵਧਿਆ ਹੈ ਅਤੇ ਜਲਦੀ ਹੀ ਪਿੰਡਾਂ ਹਰ ਪਿੰਡ ’ਚ 11 ਮੈਂਬਰੀ ਇਕਾਈ ਬਣਾਈ ਜਾਵੇਗੀ।

ਪਹਿਲੀ ਵਾਰ ਵੱਡੇ ਅਤੇ ਤੀਸਰੀ ਵਾਰ ਘੱਟ ਵੋਟਾਂ ਦੇ ਮਾਰਜਨ ਨਾਲ ਬਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ

ਜ਼ਿਕਰਯੋਗ ਹੈ ਕਿ ਮੌਜੂਦਾ ਜ਼ਿਮਨੀ ਚੋਣ ਦੌਰਾਨ ਸੰਸਦ ਮੈਂਬਰ ਬਣੇ ਮਾਨ ਨੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਬਤੌਰ ਆਈ. ਪੀ. ਐੱਸ. ਅਫ਼ਸਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਵੇਲੇ ਸਿਰਮਨਜੀਤ ਸਿੰਘ ਮਾਨ ਫ਼ਰੀਦਕੋਟ ਦੇ ਐੱਸ.ਐੱਸ.ਪੀ ਹੁੰਦੇ ਸਨ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁਲਕ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਸੌਂਪਿਆ ਸੀ। ਮਾਨ ਨੇ ਪਹਿਲੀ ਲੋਕ ਸਭਾ ਚੋਣ 1989 ਵਿਚ ਤਰਨਤਾਰਨ ਤੋਂ ਲੜੀ ਤਾਂ ਉਸ ਸਮੇਂ ਉਹ ਜੇਲ੍ਹ ਵਿਚ ਬੰਦ ਸਨ। ਉਸ ਵੇਲੇ ਜਿੱਤ ਦਾ ਫ਼ਰਕ ਸਾਢੇ ਚਾਰ ਲੱਖ ਤੋਂ ਜ਼ਿਆਦਾ ਸੀ। ਪੰਜਾਬ ਵਿਚ ਸਭ ਤੋਂ ਵੱਡਾ ਜਿੱਤ ਦਾ ਮਾਰਜਿਨ 1989 ਵਿਚ ਸਿਮਰਨਜੀਤ ਸਿੰਘ ਮਾਨ ਦਾ ਹੀ ਸੀ। ਉਸ ਸਮੇਂ ਉਹ ਲੋਕ ਸਭਾ ਵਿਚ ਦਾਖਲ ਨਹੀਂ ਹੋਏ ਕਿਉਂਕਿ ਉਨ੍ਹਾਂ ਦੀ ਸ਼ਰਤ ਸੀ ਕਿ ਉਹ ਆਪਣੀ ਕਿਰਪਾਨ ਲੈ ਕੇ ਹੀ ਲੋਕ ਸਭਾ ਜਾਣਗੇ।

1989 ’ਚ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਨੇ ਪੰਜਾਬ ਵਿਚ ਸੱਤ ਲੋਕ ਸਭਾ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ,। ਇਨ੍ਹਾਂ ਵਿਚ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ ਅਥੇ ਬਠਿੰਡਾ ਸ਼ਾਮਲ ਸਨ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਪ੍ਰਧਾਨ ਬਣੇ, ਪਰ ਇਹ ਬਹੁਤੀ ਦੇਰ ਨਹੀਂ ਰਿਹਾ ਅਤੇ ਅਕਾਲੀ ਦਲ ਖਿੰਡ ਗਿਆ। ਇਸ ਤੋਂ ਬਾਅਦ ਹੀ ਮਾਨ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਬਣਾ ਲਈ। ਇਸ ਤੋਂ ਬਾਅਦ ਮਾਨ ਨੇ 1999 ਵਿਚ ਸੰਗਰੂਰ ਲੋਕ ਸਭਾ ਚੋਣ ਲੜੀ ਅਤੇ ਜਿੱਤੀ।

ਬਾਦਲ ਵਿਰੋਧੀ ਪੰਥਕ ਧਿਰਾਂ ’ਤੇ ਹੁਣ ਸ਼੍ਰੋਮਣੀ ਕਮੇਟੀ ’ਤੇ ਅੱਖ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਕਿ 2011 ਵਿੱਚ ਹੋਈਆਂ ਸਨ।ਚੁਣੇ ਗਏ ਮੈਂਬਰਾਂ ਦੀ ਮਿਆਦ ਪੂਰੀ ਹੋ ਜਾਣ ਦੇ ਬਾਵਜੂਦ ਵੀ ਇਹ ਚੋਣਾਂ ਅਜੇ ਤਕ ਨਹੀਂ ਮੁੜ ਕਰਵਾਈਆਂ ਗਈਆਂ। ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਹੁਣ ਰਾਜਨੀਤਕ ਪਾਰਟੀਆਂ ਅਤੇ ਬਾਦਲ ਵਿਰੋਧੀ ਪੰਥਕ ਧਿਰਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ’ਤੇ ਨਜ਼ਰ ਰੱਖੀ ਹੋਈ ਹੈ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕੀਤਾ ਜਾਵੇ। ਲੋਕਾਂ ਨੇ ਇਸ ਦੇ ਬਦਲ ਵਜੋਂ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਂਦਾ ਹੈ ਤਾਂ ਲੋਕ ਮਾਣ ਵੱਲ ਮੋੜਾ ਕੱਟ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇੇ ਦਿਓ ਜਵਾਬ।
 


Anuradha

Content Editor

Related News