ਬਾਘਾਪੁਰਾਣਾ ਦੇ ਨੇੜਲੇ ਪਿੰਡ ਚਨੂੰਵਾਲਾ ਨਹਿਰ ਨੇੜਿਓਂ ਮਿਲੀ ਵਿਅਕਤੀ ਦੀ ਐਕਟਿਵਾ, ਭਾਲ ਜਾਰੀ
Tuesday, Sep 03, 2024 - 05:43 PM (IST)

ਬਾਘਾਪੁਰਾਣਾ (ਅਜੇ ਅਗਰਵਾਲ) : ਜ਼ਿਲ੍ਹਾ ਮੋਗਾ ਦੇ ਸਬ ਡਵੀਜ਼ਨ ਬਾਘਾ ਪੁਰਾਣਾ ਦੇ ਇਲਾਕੇ ਵਿਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਲਾਪਤਾ ਹੋਏ ਬਿਪਨ ਕੁਮਾਰ 45 ਪੁੱਤਰ ਰੂਪ ਲਾਲ ਨਿਵਾਸੀ ਮੋਗਾ ਦੀ ਐਕਟਿਵਾ ਨਹਿਰ ਦੀ ਪੱਟੜੀ 'ਤੇ ਖੜ੍ਹੀ ਮਿਲੀ। ਇਸ ਬਾਰੇ ਬਾਘਾਪੁਰਾਣਾ ਨਿਵਾਸੀਆਂ ਨੇ ਦੱਸਿਆ ਕਿ ਬਿਪਨ ਗੋਇਲ ਪਰਿਵਾਰ ਕਰੀਬ 10 ਸਾਲ ਪਹਿਲਾ ਬਾਘਾਪੁਰਾਣਾ ਤੋਂ ਮੋਗਾ ਚਲਿਆ ਗਿਆ ਸੀ, ਇਹ ਰੋਜ਼ਾਨਾ ਮੋਗੇ ਤੋਂ ਬਾਘਾਪੁਰਾਣਾ ਸਮਾਨ ਵੇਚਣ ਆਉਂਦਾ ਸੀ ਅਤੇ ਰਾਤ 8 ਵਜੇ ਤੱਕ ਘਰ ਪਹੁੰਚ ਜਾਂਦਾ ਸੀ।
ਇਸ ਦੌਰਾਨ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਪਰਿਵਾਰ ਨੇ ਬਹੁਤ ਭਾਲ ਕੀਤੀ ਤਾਂ ਕਿਧਰੇ ਪਤਾ ਨਹੀ ਲੱਗਿਆ। ਅੱਜ ਕਰੀਬ 10 ਸਵੇਰੇ ਚਨੂੰਵਾਲਾ ਨਹਿਰ 'ਤੇ ਉਸ ਦੀ ਐਕਟਿਵਾ ਖੜ੍ਹੀ ਹੋਣ ਬਾਰੇ ਪਤਾ ਲੱਗਾ। ਉਥੇ ਕਰੀਬ ਸੈਂਕੜੇ ਸ਼ਹਿਰ ਅਤੇ ਪਿੰਡਾਂ ਦੇ ਲੋਕ ਪਹੁੰਚ ਗਏ। ਇਸ ਦੌਰਾਨ ਪਤਾ ਲੱਗਾ ਕਿ ਲਾਪਤਾ ਦੀਆਂ ਪੈੜਾਂ ਨਹਿਰ ਵਿਚ ਜਾ ਰਹੀਆਂ ਸਨ। ਬਿਪਨ ਗੋਇਲ ਨੂੰ ਨਹਿਰ ਵਿਚੋਂ ਲੱਬਣ ਲਈ ਗੋਤਾਖੋਰ ਅਤੇ ਹੋਰ ਨੌਜਵਾਨ ਲੱਗੇ ਹੋਏ ਹਨ। ਖ਼ਬਰ ਲਿਖੇ ਜਾਣ ਤੱਕ ਉਕਤ ਦੀ ਭਾਲ ਨਹਿਰ ਵਿਚ ਜਾਰੀ ਸੀ।