ਐਕਟਿਵਾ ''ਤੇ ਘਰ ਵਾਪਸ ਆ ਰਹੇ ਅਕਾਊਂਟੈਂਟ ''ਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ

Wednesday, Jun 19, 2019 - 11:58 PM (IST)

ਐਕਟਿਵਾ ''ਤੇ ਘਰ ਵਾਪਸ ਆ ਰਹੇ ਅਕਾਊਂਟੈਂਟ ''ਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ (ਰਿਸ਼ੀ)-ਐਕਟਿਵਾ 'ਤੇ ਘਰ ਵਾਪਸ ਆ ਰਹੇ ਅਕਾਊਂਟੈਂਟ 'ਤੇ ਮੰਗਲਵਾਰ ਦੇਰ ਸ਼ਾਮ ਡੇਹਲੋਂ-ਲੁਧਿਆਣਾ ਰੋਡ 'ਤੇ ਕਾਰ ਸਵਾਰਾਂ ਨੇ 3 ਗੋਲੀਆਂ ਚਲਾ ਦਿੱਤੀਆਂ, 2 ਗੋਲੀਆਂ ਉਸ ਦੇ ਕੋਲੋਂ ਗੁਜ਼ਰ ਗਈਆਂ, ਜਦਕਿ ਇਕ ਪੇਟ ਵਿਚ ਸੱਜੇ ਪਾਸੇ ਫਸ ਗਈ।
ਰਾਹਗੀਰਾਂ ਨੇ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਪੇਟ 'ਚੋਂ ਗੋਲੀ ਬਾਹਰ ਕੱਢੀ। ਪੁਲਸ ਅਨੁਸਾਰ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਹੁਣ ਤਕ ਉਸ ਦੇ ਬਿਆਨ ਨੋਟ ਨਹੀਂ ਹੋ ਸਕੇ। ਜ਼ਖ਼ਮੀ ਦੀ ਪਛਾਣ ਹੈਬੋਵਾਲ ਦੇ ਰਹਿਣ ਵਾਲੇ ਬਲਵੰਤ ਸਿੰਘ (45) ਵਜੋਂ ਹੋਈ ਹੈ। ਪੁਲਸ ਅਨੁਸਾਰ ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਇਕ ਪ੍ਰਾਈਵੇਟ ਫੈਕਟਰੀ 'ਚ ਅਕਾਊਂਟਸ ਦਾ ਕੰਮ ਕਰਦਾ ਹੈ। ਮੰਗਲਵਾਰ ਸ਼ਾਮ 6 ਵਜੇ ਫੈਕਟਰੀ ਤੋਂ ਘਰ ਵਾਪਸ ਜਾਣ ਲਈ ਐਕਟਿਵਾ 'ਤੇ ਨਿਕਲ ਪਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਇਕ ਕਾਰ ਵਿਚ ਸਵਾਰ ਹੋ ਕੇ ਆਏ 3 ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਵੱਲੋਂ ਪਹਿਲਾਂ ਜੋ 2 ਫਾਇਰ ਕੀਤੇ ਗਏ ਉਹ ਬਲਵੰਤ ਦੇ ਕੋਲੋਂ ਗੁਜ਼ਰ ਗਏ, ਜਦਕਿ ਤੀਜੀ ਵਾਰ ਗੋਲੀ ਲੱਗਦੇ ਹੀ ਉਹ ਜ਼ਮੀਨ 'ਤੇ ਡਿੱਗ ਗਿਆ। ਰਾਹਗੀਰਾਂ ਨੇ ਉਸ ਨੂੰ ਲਹੂ-ਲੁਹਾਨ ਹਾਲਤ 'ਚ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ। ਉਥੇ ਜ਼ਖ਼ਮੀ ਦੇ ਮੋਬਾਇਲ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਨੰਬਰ ਕੱਢ ਕੇ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਥਾਣਾ ਡੇਹਲੋਂ ਦੇ ਐੱਸ. ਐੱਚ. ਓ. ਇੰਸ. ਧਰਮਵੀਰ ਅਨੁਸਾਰ ਇਸ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਦੇ ਗੰਭੀਰ ਹਾਲਤ ਹੋਣ ਕਾਰਨ ਬਿਆਨ ਨੋਟ ਨਹੀਂ ਕੀਤੇ ਜਾ ਸਕੇ।


author

satpal klair

Content Editor

Related News