ਅਮਰੀਕੀ ਪੁਲਸ ਵੱਲੋਂ ਕੀਤੀ ਕਾਰਵਾਈ ਨੇ ਨੌਜਵਾਨਾਂ ਦੇ ਰਿਸ਼ਤੇਦਾਰਾਂ ''ਚ ਪਾਈ ਦਹਿਸ਼ਤ

06/24/2018 6:00:31 AM

ਕਪੂਰਥਲਾ, (ਭੂਸ਼ਣ)- ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਮੈਕਸੀਕੋ ਬਾਰਡਰ 'ਤੇ ਫੜੇ ਗਏ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਦੇ ਮਾਮਲੇ ਨੇ ਜਿੱਥੇ ਸੂਬੇ ਭਰ 'ਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਹਿਸ਼ਤ 'ਚ ਪਾ ਦਿੱਤਾ ਹੈ, ਉਥੇ ਹੀ ਜ਼ਿਲਾ ਕਪੂਰਥਲਾ ਨਾਲ ਸਬੰਧਤ ਕਾਫੀ ਗਿਣਤੀ 'ਚ ਨੌਜਵਾਨ ਅਮਰੀਕਾ-ਮੈਕਸੀਕੋ ਬਾਰਡਰ 'ਤੇ ਫਸੇ ਹੋਣ ਕਾਰਨ ਇਨ੍ਹਾਂ ਦੇ ਰਿਸ਼ਤੇਦਾਰਾਂ 'ਚ ਭਾਰੀ ਖੌਫ ਪਾਇਆ ਜਾ ਰਿਹਾ ਹੈ, ਜਿਸ ਦੇ ਬਾਵਜੂਦ ਵੀ ਭੋਲੇ-ਭਾਲੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 30 ਤੋਂ 35 ਲੱਖ ਰੁਪਏ ਲੈਣ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ ਦੀ ਗ੍ਰਿਫਤਾਰੀ ਲਗਾਤਾਰ ਜਾਰੀ ਹੈ। 
ਕੁਝ ਦਿਨ ਪਹਿਲਾਂ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਫੜੇ ਗਏ ਸਨ ਕਈ ਪੰਜਾਬੀ ਨੌਜਵਾਨ
ਬੀਤੇ ਦਿਨੀਂ ਮੈਕਸੀਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਵੱਡੀ ਗਿਣਤੀ 'ਚ ਅਜਿਹੇ ਨੌਜਵਾਨ ਅਮਰੀਕਾ ਪੁਲਸ ਨੇ ਗ੍ਰਿਫਤਾਰ ਕੀਤੇ ਹਨ, ਜੋ ਬੀਤੇ ਕਈ ਮਹੀਨਿਆਂ ਤੋਂ ਮੈਕਸੀਕੋ ਬਾਰਡਰ 'ਤੇ ਫਸੇ ਹੋਏ ਸਨ। ਇਨ੍ਹਾਂ ਨੌਜਵਾਨਾਂ ਨੂੰ ਜਦੋਂ ਕਬੂਤਰਬਾਜ਼ਾਂ ਨੇ ਮੈਕਸੀਕੋ ਤੋਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਤਾਇਨਾਤ ਅਮਰੀਕਨ ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜੇਲਾਂ 'ਚ ਬੰਦ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਹੁਣ ਜਿੱਥੇ ਸੂਬੇ ਭਰ 'ਚ ਮੰਗ ਉੱਠਣ ਲੱਗੀ ਹੈ, ਉਥੇ ਹੀ ਇਨ੍ਹਾਂ ਨੂੰ ਭੇਜਣ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ ਵੀ ਕਾਰਵਾਈ ਹੋਣ ਦੀ ਮੰਗ ਉੱਠਣ ਲੱਗੀ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 'ਚੋਂ ਕਈ ਨੌਜਵਾਨਾਂ ਨੇ ਤਾਂ ਕਬੂਤਰਬਾਜ਼ਾਂ ਨੂੰ 40 ਲੱਖ ਰੁਪਏ ਤੱਕ ਦੀ ਰਕਮ ਅਦਾ ਕੀਤੀ ਸੀ।
ਗੌਰ ਹੋਵੇ ਕਿ ਮੈਕਸੀਕੋ ਦੇ ਰਸਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ 'ਚ ਕਾਫੀ ਗਿਣਤੀ 'ਚ ਜ਼ਿਲਾ ਕਪੂਰਥਲਾ ਦੇ ਭੁਲੱਥ ਸਬ-ਡਵੀਜ਼ਨ ਨਾਲ ਸਬੰਧਤ ਨੌਜਵਾਨ ਹਨ। ਭੁਲੱਥ ਸਬ-ਡਵੀਜ਼ਨ ਨੂੰ ਸੂਬੇ ਭਰ 'ਚ ਐੱਨ. ਆਰ. ਆਈ. ਦੇ ਵੱਡੇ ਗੜ੍ਹ ਦੇ ਰੂਪ 'ਚ ਮੰਨਿਆ ਜਾਂਦਾ ਹੈ। ਅਮਰੀਕੀ ਪੁਲਸ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨਾਲ ਭੁਲੱਥ ਤੇ ਬੇਗੋਵਾਲ ਖੇਤਰ ਤੋਂ ਅਮਰੀਕਾ ਲਈ ਨਿਕਲੇ ਇਨ੍ਹਾਂ ਨੌਜਵਾਨਾਂ ਦੇ ਰਿਸ਼ਤੇਦਾਰਾਂ 'ਚ ਭਾਰੀ ਦਹਿਸ਼ਤ ਫੈਲਾਅ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 'ਚੋਂ ਕਈ ਨੌਜਵਾਨਾਂ ਦਾ ਆਪਣੇ ਰਿਸ਼ੇਤਦਾਰਾਂ ਨਾਲ ਸੰਪਰਕ ਵੀ ਨਹੀਂ ਹੋ ਪਾ ਰਿਹਾ ਹੈ।
ਨੌਜਵਾਨਾਂ ਦੀ ਗ੍ਰਿਫਤਾਰੀ ਦੇ ਬਾਵਜੂਦ ਵੀ ਫਰਜ਼ੀ ਟ੍ਰੈਵਲ ਏਜੰਟਾਂ ਦੀਆਂ ਸਰਗਰਮੀਆਂ ਹਨ ਲਗਾਤਾਰ ਜਾਰੀ
ਬੀਤੇ ਕੁਝ ਮਹੀਨਿਆਂ ਦੌਰਾਨ ਪੰਜਾਬ ਪੁਲਸ ਵੱਲੋਂ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ ਕਈ ਸ਼ਹਿਰਾਂ 'ਚ ਕੀਤੀ ਗਈ ਕਾਰਵਾਈ ਦੇ ਬਾਵਜੂਦ ਵੀ ਜ਼ਿਲਾ ਕਪੂਰਥਲਾ ਸਮੇਤ ਦੋਆਬਾ ਖੇਤਰ 'ਚ ਅਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ, ਜੋ ਨੌਜਵਾਨਾਂ ਨੂੰ ਜੰਗਲਾਂ ਤੇ ਖਤਰਨਾਕ ਰਸਤਿਆਂ ਰਾਹੀਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲ ਕਰ ਰਹੇ ਹਨ ਤੇ ਇਨ੍ਹਾਂ 'ਚੋਂ ਜ਼ਿਆਦਾਤਰ ਕਬੂਤਰਬਾਜ਼ਾਂ ਦੇ ਆਪਣੇ ਦਫਤਰ ਵੀ ਨਹੀਂ ਹਨ ਪਰ ਫਿਲਹਾਲ ਜ਼ਿਲੇ 'ਚ ਇਸ ਖਿਲਾਫ ਅਜੇ ਸਖਤ ਕਾਰਵਾਈ ਨਾ ਹੋਣ ਕਾਰਨ ਅਜਿਹੇ ਕਬੂਤਰਬਾਜ਼ ਲਗਾਤਾਰ ਆਪਣੀਆਂ ਸਰਗਰਮੀਆਂ ਨੂੰ ਚਲਾ ਰਹੇ ਹਨ।  
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖਤਰਨਾਕ ਰਸਤਿਆਂ ਤੋਂ ਵਿਦੇਸ਼ ਜਾਣ 'ਚ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਬੂਤਰਬਾਜ਼ਾਂ ਦੇ ਸਬੰਧੀ ਪੁਲਸ ਨੂੰ ਸੂਚਨਾ ਦੇਣੀ ਚਾਹੀਦੀ ਹੈ।


Related News