''ਆਪ'' ਵਿਧਾਇਕ ਦੀ ਸ਼ਿਕਾਇਤ ''ਤੇ ਐਕਸ਼ਨ! ਸਰਕਾਰੀ ਮੁਲਾਜ਼ਮ ਤੇ ਠੇਕੇਦਾਰ ਗ੍ਰਿਫ਼ਤਾਰ

Wednesday, Oct 09, 2024 - 11:53 AM (IST)

ਬੁਢਲਾਡਾ/ਜਲੰਧਰ (ਬਾਂਸਲ, ਧਵਨ)- ਬੁਢਲਾਡਾ ਦੇ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੀ ਸ਼ਿਕਾਇਤ 'ਤੇ ਵਿਜੀਲੈਂਸ ਨੇ ਸਖ਼ਤ ਐਕਸ਼ਨ ਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮਾਨਸਾ ਜ਼ਿਲ੍ਹੇ ਦੀ ਨਗਰ ਕੌਂਸਲ (ਐੱਮ. ਸੀ.) ਬੁਢਲਾਡਾ ਦੇ ਅਧਿਕਾਰੀਆਂ/ ਕਰਮਚਾਰੀਆਂ ਅਤੇ ਠੇਕੇਦਾਰ ਵਿਰੁੱਧ ਸੜਕ ਦੇ ਨਿਰਮਾਣ ਵਿਚ ਇਕ ਦੂਜੇ ਦੀ ਮਿਲੀਭੁਗਤ ਨਾਲ ਬੇਨਿਯਮੀਆਂ ਕਰਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ਤੇ ਜੇ. ਈ. ਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਐੱਮ. ਸੀ. ਬੁਢਲਾਡਾ ਦੇ ਮੁਲਜ਼ਮ ਇੰਦਰਜੀਤ ਸਿੰਘ, ਸਹਾਇਕ ਮਿਊਂਸੀਪਲ ਇੰਜੀਨੀਅਰ (ਏ. ਐੱਮ. ਈ.), ਰਾਕੇਸ਼ ਕੁਮਾਰ ਜੂਨੀਅਰ ਇੰਜੀਨੀਅਰ (ਜੇ. ਈ.) ਅਤੇ ਠੇਕੇਦਾਰ ਰਾਕੇਸ਼ ਕੁਮਾਰ, ਮਾਲਕ, ਆਦਰਸ਼ ਕੋਆਪ੍ਰੇਟਿਵ ਐੱਲ. ਐਂਡ ਸੀ ਸੋਸਾਇਟੀ, ਝੁਨੀਰ ਦੇ ਖ਼ਿਲਾਫ਼ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ‘ਆਪ’ ਆਗੂਆਂ ਤੇ ਵਰਕਰਾਂ ਦੀਆਂ ਸ਼ਿਕਾਇਤਾਂ 'ਤੇ CM ਮਾਨ ਦਾ ਐਕਸ਼ਨ

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਬੁਢਲਾਡਾ ਦੇ ਉਕਤ ਅਧਿਕਾਰੀਆਂ/ਕਰਮਚਾਰੀਆਂ ਨੇ ਠੇਕੇਦਾਰ ਨਾਲ ਮਿਲ ਕੇ ਬੁਢਲਾਡਾ ਸ਼ਹਿਰ ਦੀ ਕੁਲਾਣਾ ਰੋਡ ਤਕ ਸੀਮੈਂਟ ਕੰਕਰੀਟ ਵਾਲੀ ਸੜਕ ਦੇ ਨਿਰਮਾਣ ਕਾਰਜ ਵਿਚ ਬੇਨਿਯਮੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਇੰਦਰਜੀਤ ਸਿੰਘ, ਏ. ਐੱਮ. ਈ. ਅਤੇ ਰਾਕੇਸ਼ ਕੁਮਾਰ ਜੇ. ਈ. ਨੇ ਸੜਕ ਦੀ ਮੌਕੇ ਉਪਰ ਜਾ ਕੇ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਸਰਕਾਰੀ ਮਾਪ ਬੁੱਕ (ਐੱਮ.ਬੀ.) ਵਿਚ ਐਂਟਰੀਆਂ ਨੂੰ ਪੂਰਾ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਸ ਸੜਕ ਦੀ ਚੈਕਿੰਗ ਦੌਰਾਨ ਸੀਮੈਂਟ ਕੰਕਰੀਟ ਵਾਲੀ ਇਸ ਸੜਕ ਦੀ ਲੰਬਾਈ 693 ਫੁੱਟ ਪਾਈ ਗਈ, ਜਦਕਿ ਸਰਕਾਰੀ ਐੱਮ.ਬੀ. ਵਿਚ ਇਸ ਦੀ ਲੰਬਾਈ 760 ਫੁੱਟ ਦਰਜ ਕੀਤੀ ਗਈ। ਇਸ ਤਰ੍ਹਾਂ ਠੇਕੇਦਾਰ ਨੂੰ ਹੋਰ ਅਦਾਇਗੀਆਂ ਕਰਨ ਲਈ ਐੱਮ. ਬੀ. ਵਿਚ 67 ਫੁੱਟ ਵੱਧ ਸੜਕ ਦਰਜ ਕੀਤੀ ਗਈ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਠੇਕੇਦਾਰ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਦੇ ਡਰੋਂ 2 ਲੱਖ ਰੁਪਏ ਕਾਰਜਸਾਧਕ ਅਫਸਰ ਨਗਰ ਕੌਂਸਲ ਬੁਢਲਾਡਾ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ ਗਏ, ਜਿਸ ਤੋਂ ਇਸ ਮਾਮਲੇ ਵਿਚ ਬੇਨਿਯਮੀਆਂ ਕਰਨ ਬਾਰੇ ਆਪਸੀ ਮਿਲੀਭੁਗਤ ਦਾ ਸਬੂਤ ਜ਼ਾਹਿਰ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ! ਹੋਈ ਇਹ ਤਬਦੀਲੀ

ਇਸ ਜਾਂਚ ਦੇ ਆਧਾਰ ’ਤੇ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਥਾਣਾ ਬਠਿੰਡਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਐੱਮ. ਸੀ. ਬੁਢਲਾਡਾ ਦੇ ਰਾਕੇਸ਼ ਕੁਮਾਰ ਜੇ. ਈ. ਅਤੇ ਮਾਨਸਾ ਸ਼ਹਿਰ ਰਹਿੰਦੇ ਠੇਕੇਦਾਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਇੰਦਰਜੀਤ ਸਿੰਘ, ਏ. ਐੱਮ. ਈ. ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Anmol Tagra

Content Editor

Related News