ਅੱਧੀ ਰਾਤ ਨੂੰ ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਕੇ ਆਇਆ ਏ. ਸੀ. ਪੀ., ਇੰਝ ਦਿੱਤਾ ਦੂਜਾ ਜਨਮ
Friday, Nov 11, 2022 - 06:34 PM (IST)
ਲੁਧਿਆਣਾ (ਗੌਤਮ) :‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਤੁਕ ਜੀ. ਟੀ. ਰੋਡ ’ਤੇ ਹਾਦਸੇ ’ਚ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਉਸ ਵਿਅਕਤੀ ’ਤੇ ਸਾਬਿਤ ਹੋਈ, ਜਿਸ ਨੂੰ ਏ. ਸੀ. ਪੀ. ਨਾਰਥ ਮਨਿੰਦਰ ਬੇਦੀ ਨੇ ਖੁਦ ਆਪਣੀ ਗੱਡੀ ’ਚ ਪਾ ਕੇ ਸਿਵਲ ਹਸਪਤਾਲ ਪਹੁੰਚਾਇਆ। ਠੀਕ ਸਮੇਂ ’ਤੇ ਹਸਪਤਾਲ ਪਹੁੰਚ ਜਾਣ ਕਾਰਨ ਉਸ ਵਿਅਕਤੀ ਦੀ ਜਾਨ ਬਚ ਗਈ। ਲੇਬਰ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਨੇ ਇਸ ਡਿਊਟੀ ਲਈ ਏ. ਸੀ. ਪੀ. ਦਾ ਧੰਨਵਾਦ ਕੀਤਾ। ਏ. ਸੀ. ਪੀ. ਨਾਰਥ ਮਨਿੰਦਰ ਬੇਦੀ ਨੇ ਦੱਸਿਆ ਕਿ ਡਿਊਟੀ ਦੇ ਨਾਲ ਮਨੁੱਖਤਾ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਹੈ। ਜ਼ਰੂਰੀ ਨਹੀਂ ਕਿ ਡਿਊਟੀ ’ਤੇ ਹੁੰਦੇ ਹੀ ਕਿਸੇ ਦੀ ਮਦਦ ਕੀਤੀ ਜਾਵੇ ਪਰ ਬਿਨਾਂ ਡਿਊਟੀ ਵੀ ਮਦਦ ਕਰਨਾ ਮਨੁੱਖਤਾ ਹੈ। ਜਿਸ ਵਿਅਕਤੀ ਦੀ ਜਾਨ ਬਚਾਈ ਗਈ ਉਹ ਜਮਾਲਪੁਰ ਇਲਾਕੇ ਦੇ ਮੁੰਡੀਆਂ ਕਲਾਂ ਦਾ ਰਹਿਣ ਵਾਲਾ ਸਰਵਣ ਸਿੰਘ ਹੈ, ਜੋ ਲੇਬਰ ਦਾ ਕੰਮ ਕਰਦਾ ਹੈ। ਏ. ਸੀ. ਪੀ. ਨੇ ਦੱਸਿਆ ਕਿ ਉਹ ਨਾਈਟ ਡਿਊਟੀ ਕਰਨ ਤੋਂ ਬਾਅਦ ਆਪਣੇ ਦੋ ਗੰਨਮੈਨਾਂ ਨਾਲ ਵਾਪਸ ਜਾ ਰਹੇ ਸਨ। ਜਿਉਂ ਹੀ ਚੈਕਿੰਗ ਕਰਨ ਤੋਂ ਬਾਅਦ ਮੈਟਰੋ ਤੋਂ ਕੁਝ ਅੱਗੇ ਗਏ ਤਾਂ ਦੇਖਿਆ ਕਿ ਸੜਕ ਵਿਚਕਾਰ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਪਿਆ ਹੈ ਅਤੇ ਉਸ ਨੂੰ ਬਚਾਉਣ ਲਈ ਇਕ ਸਿੱਖ ਨੌਜਵਾਨ ਉਸ ਦੇ ਆਸ-ਪਾਸ ਪੱਥਰ ਲਗਾ ਰਿਹਾ ਹੈ।
ਇਹ ਵੀ ਪੜ੍ਹੋ : ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦੇ ਕਤਲ ਕਾਂਡ ’ਚ ਹੋਇਆ ਵੱਡਾ ਖ਼ੁਲਾਸਾ
ਦੇਖਦੇ ਹੀ ਉਨ੍ਹਾਂ ਨੇ ਸੜਕ ਵਿਚਕਾਰ ਆਪਣੀ ਗੱਡੀ ਰੋਕ ਕੇ ਟ੍ਰੈਫਿਕ ਰੋਕ ਦਿੱਤਾ ਅਤੇ ਖਦ ਉਸ ਨੂੰ ਦੇਖਣ ਲਈ ਗਏ। ਪਹਿਲਾਂ ਤਾਂ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਘਬਰਾ ਗਿਆ ਪਰ ਉਨ੍ਹਾਂ ਨੇ ਨੌਜਵਾਨ ਨੂੰ ਹੌਸਲਾ ਦਿੱਤਾ ਅਤੇ ਜਦੋਂ ਜ਼ਖਮੀ ਨੂੰ ਚੈੱਕ ਕੀਤਾ ਤਾਂ ਉਸ ਦਾ ਸਾਹ ਚੱਲ ਰਿਹਾ ਸੀ। ਗੰਨਮੈਨ ਨੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਖੁਦ ਆਪਣੇ ਗੰਨਮੈਨਾਂ ਨਾਲ ਮਿਲ ਕੇ ਉਸ ਨੂੰ ਆਪਣੀ ਹੀ ਗੱਡੀ ਵਿਚ ਪਾਇਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਪੁੱਜਦੇ ਹੀ ਡਾਕਟਰਾਂ ਨੇ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ। ਉਸ ਦੇ ਸਿਰ, ਅੱਖਾਂ ਅਤੇ ਹੋਰ ਹਿੱਸਿਆਂ ’ਤੇ ਸੱਟਾਂ ਲੱਗੀਆਂ ਸਨ। ਇਲਾਜ ਤੋਂ ਬਾਅਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਪਰਿਵਾਰ ਬਾਰੇ ਦੱਸਿਆ, ਜਿਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਬਨੂੜ ’ਚ ਵੱਡੀ ਵਾਰਦਾਤ, ਸਵੇਰੇ ਜਦੋਂ ਪਤਾ ਲੱਗਾ ਤਾਂ ਪੂਰੇ ਪਿੰਡ ਦੇ ਉੱਡ ਗਏ ਹੋਸ਼
ਵਿਅਕਤੀ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਤੇ ਛੁੱਟੀ ਹੋਣ ਤੋਂ ਬਾਅਦ ਉਹ ਆਟੋ ਫੜਨ ਲਈ ਸੜਕ ਕ੍ਰਾਸ ਕਰ ਰਿਹਾ ਸੀ ਕਿ ਤੇਜ਼ ਰਫਤਾਰ ਆ ਰਹੇ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਜੀ. ਟੀ. ਰੋਡ ’ਤੇ ਡਿੱਗ ਗਿਆ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਪੁੱਜ ਕੇ ਹੋਸ਼ ਆਇਆ। ਸਿੱਖ ਨੌਜਵਾਨ ਨੇ ਦੱਸਿਆ ਉਹ ਉਸ ਦੇ ਕੋਲ ਇਸ ਲਈ ਪੱਥਰ ਰੱਖ ਰਿਹਾ ਸੀ ਤਾਂ ਕਿ ਕੋਈ ਵਾਹਨ ਉਸ ਦੇ ਉੱਪਰੋਂ ਨਾ ਲੰਘ ਜਾਵੇ। ਇਕੱਲਾ ਹੋਣ ਕਾਰਨ ਉਸ ਨੇ ਐਂਬੂਲੈਂਸ ਨੂੰ ਵੀ ਫੋਨ ਕੀਤਾ ਪਰ ਕੋਈ ਰਿਸਪਾਂਸ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਕਰਵਟ ਬਦਲਣ ਦੀ ਤਿਆਰੀ ’ਚ ਮੌਸਮ, ਯੈਲੋ ਅਲਰਟ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।