ਤੇਜ਼ਾਬੀ ਹਮਲੇ ਨੇ ਵਲੂੰਧਰ ਦਿੱਤੇ ਦਿਲ, ਪੀੜਤਾ ਰੁੱਕਈਆ ਨੇ ਬਿਆਨ ਕੀਤੀ ਦਾਸਤਾਨ (ਵੀਡੀਓ)
Sunday, Jan 12, 2020 - 11:56 AM (IST)
ਅੰਮ੍ਰਿਤਸਰ/ਆਗਰਾ (ਹਰਪ੍ਰੀਤ ਸਿੰਘ ਕਾਹਲੋਂ) : ''ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਕੁੜੀਆਂ ਦੀ ਜ਼ਿੰਦਗੀ ਸਮਾਜ ਨੂੰ ਬਹੁਤ ਹੌਸਲਾ ਦਿੰਦੀ ਹੈ। ਸਾਡੇ ਵਰਗੀਆਂ ਕੁੜੀਆਂ ਨੂੰ ਮਿਸਾਲ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਪਰ ਇਕ ਸੱਚ ਇਹ ਵੀ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਹਾਂ ਤਾਂ ਅਸੀਂ ਵੀ ਇਨਸਾਨ ਹੀ..! ਸਾਡੀ ਵੀ ਸਾਧਾਰਨ ਜ਼ਿੰਦਗੀ ਹੈ ਜਾਂ ਅਸੀਂ ਵੀ ਸਦਾ ਇਹੋ ਚਾਹੁੰਦੀਆਂ ਹਾਂ। ਮੇਰੇ ਨਾਲ ਵਿਆਹ ਕਰਨ ਵਾਲਾ ਅਲੀਗੜ੍ਹ ਦਾ ਜ਼ਾਹਿਦ ਉਸ ਸਮੇਂ ਲੋਕਾਂ ਨੂੰ ਬਹੁਤ ਮਹਾਨ ਲੱਗਾ ਸੀ, ਜਦੋਂ ਉਸ ਨੇ ਮੇਰੇ ਤੇਜ਼ਾਬ ਨਾਲ ਸੜੇ ਚਿਹਰੇ ਦੇ ਬਾਵਜੂਦ ਵਿਆਹ ਕਰਵਾਇਆ। ਮੇਰੇ ਮਨ 'ਚ ਉਸ ਦੇ ਲਈ ਬਹੁਤ ਇੱਜ਼ਤ ਸੀ। ਸਮਾਜ 'ਚ ਵੀ ਉਸ ਨੂੰ ਬਹੁਤ ਸਤਿਕਾਰ ਨਾਲ ਦੇਖਿਆ ਗਿਆ। ਅਖੀਰ ਜ਼ਿੰਦਗੀ ਜ਼ਿੰਦਗੀ ਹੈ, ਬੰਦਾ ਬੰਦਾ ਹੈ, ਮੈਂ ਮੈਂ ਹਾਂ। ਅਸੀਂ ਵੀ ਸਾਧਾਰਨ ਹਾਂ। ਸਾਡੇ ਵੀ ਮਤਭੇਦ ਹਨ। ਮੇਰੇ ਜਦੋਂ ਮੁੰਡਾ ਹੋਇਆ ਤਾਂ ਉਸ ਤੋਂ ਬਾਅਦ ਉਹ ਮੇਰੇ ਨਾਲ ਕਦੀ ਨਹੀਂ ਰਿਹਾ। ਹੁਣ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ। ਹੁਣ ਮੇਰੀ ਦੁਨੀਆ ਮੇਰਾ ਪੁੱਤ ਉਮਰ ਅਤੇ ਸ਼ੀਰੋਜ਼ ਕੈਫ਼ੇ ਹੀ ਹੈ।''
ਇਹ ਰੁੱਕਈਆ ਦੀ ਜ਼ਿੰਦਗੀ ਹੈ, ਜਿਸ ਦੇ ਮਨ 'ਚ ਜ਼ਾਹਿਦ ਲਈ ਕੋਈ ਮਲਾਲ ਨਹੀਂ ਹੈ। ਰੁੱਕਈਆ ਇਹ ਸਭ ਦੱਸਦਿਆਂ ਜੋ ਕਹਿਣਾ ਚਾਹੁੰਦੀ ਹੈ ਉਹ ਇਹ ਹੈ ਕਿ ਇਸ ਤੇਜ਼ਾਬ ਨਾਲ ਭਰੀ ਜ਼ਿੰਦਗੀ 'ਚ ਖ਼ਬਰਾਂ ਦੀ ਦੁਨੀਆ 'ਚ ਇਹ ਸੰਦੇਸ਼ ਜਾਂਦਾ ਹੈ ਕਿ ਸਾਡਾ ਵਿਆਹ ਹੋ ਗਿਆ ਅਤੇ ਇਹ ਸਾਡਾ ਖੁਸ਼ਨੁਮਾ ਅੰਜਾਮ ਹੈ ਪਰ ਸਾਡੀ ਜ਼ਿੰਦਗੀ ਵੀ ਉਨ੍ਹਾਂ ਹਜ਼ਾਰਾਂ ਘਰੇਲੂ ਜੋੜਿਆਂ ਵਰਗੀ ਹੀ ਹੈ। ਸਾਡਾ ਸੰਘਰਸ਼ ਬਾਕੀਆਂ ਨਾਲੋਂ ਵੱਖਰਾ ਨਹੀਂ ਹੈ ਪਰ ਅਸੀਂ ਇਸ ਸੱਚ ਨਾਲ ਜ਼ਰੂਰ ਜਿਊਂਦੇ ਹਾਂ ਕਿ ਸਾਡੀ ਜ਼ਿੰਦਗੀ ਉਹ ਕਦੀ ਨਹੀਂ ਰਹੀ, ਜੋ ਅਸੀਂ ਚਾਹੀ ਸੀ। ਇਸ ਦੇ ਨਾਲ ਸਾਨੂੰ ਇਹ ਹਰ ਦਿਨ ਯਾਦ ਰਹਿੰਦਾ ਹੈ ਕਿ ਅਸੀਂ ਲੋਕਾਂ ਲਈ ਜੇ ਕੋਈ ਉਮੀਦ ਹਾਂ ਤਾਂ ਅਸੀਂ ਅਜਿਹੇ ਸਮਾਜ ਨੂੰ ਜ਼ਰੂਰ ਬਣਾਉਣਾ ਹੈ, ਜਿਸ ਵਿਚ ਅਸੀਂ ਤੇਜ਼ਾਬੀ ਹਮਲਿਆਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰ ਸਕੀਏ ਅਤੇ ਇਸ ਬਾਰੇ ਜਾਗਰੂਕਤਾ ਵਧਾ ਸਕੀਏ, ਜਿਸ ਨਾਲ ਹਰ ਬੰਦੇ 'ਚ ਔਰਤ ਮਨ ਵਿਕਸਤ ਹੋਏ। ਉਹ ਔਰਤ ਮਨ ਦੇ ਅਹਿਸਾਸ ਸਮਝੇ ਅਤੇ ਉਨ੍ਹਾਂ ਨੂੰ ਇੱਜ਼ਤ ਦੇਵੇ ਕਿਉਂਕਿ ਇਨ੍ਹਾਂ ਤੇਜ਼ਾਬੀ ਹਮਲਿਆਂ ਪਿੱਛੇ ਸਭ ਦੀ ਇਹੋ ਮਾਨਸਿਕਤਾ ਰਹੀ ਹੈ ਕਿ ਆਖਿਰ ਕੁੜੀ ਸਾਨੂੰ ਨਾਂਹ ਕਿਵੇਂ ਕਰ ਸਕਦੀ ਹੈ?
ਰੁੱਕਈਆ ਇਸ ਦੇ ਨਾਲ ਦੂਜਾ ਨਜ਼ਰੀਆ ਵੀ ਦਿੰਦੀ ਹੈ। ਉਸ ਮੁਤਾਬਕ ਸਾਨੂੰ ਕੋਈ ਨੁਮਾਇਸ਼ ਨਾ ਬਣਾਇਆ ਜਾਵੇ। ਸਾਡੇ 'ਤੇ ਜ਼ੁਲਮ ਕਰਨ ਵਾਲਾ ਬੰਦਾ ਜਿੰਨਾ ਖਤਰਨਾਕ ਹੈ ਤਾਂ ਸਾਡੇ ਨਾਲ ਤਰਸ ਦੇ ਆਧਾਰ 'ਤੇ ਹਮਦਰਦੀ ਦਿਖਾਉਣ ਵਾਲਾ ਬੰਦਾ ਵੀ ਕੋਈ ਵਧੀਆ ਨਹੀਂ ਹੈ। ਰੁੱਕਈਆ ਚਾਹੁੰਦੀ ਹੈ ਕਿ ਸਮਾਜ 'ਚ ਸਾਡੇ ਨਾਲ ਮਿਲਣ ਵਾਲੇ ਲੋਕ ਅਪਣੱਤ, ਪਿਆਰ ਤੇ ਈਮਾਨਦਾਰੀ ਜਤਾਉਂਦਿਆਂ ਸਹਿਜ ਰਹਿਣ। ਆਪਣੇ 8 ਸਾਲ ਦੇ ਮੁੰਡੇ ਉਮਰ ਨਾਲ ਆਗਰੇ 'ਚ ਰੁੱਕਈਆ ਆਪਣੇ ਪੇਕੇ ਰਹਿੰਦੀ ਹੈ। ਉਸ ਦਾ ਘਰਵਾਲਾ ਜ਼ਾਹਿਦ ਕਦੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਰੁੱਕਈਆ ਲਈ ਸ਼ੀਰੋਜ਼ ਕੈਫ਼ੇ ਵੱਡਾ ਆਸਰਾ ਹੈ। ਤੇਜ਼ਾਬੀ ਹਮਲੇ ਨੇ ਉਸ ਨੂੰ ਇਕਦਮ ਜ਼ਿੰਮੇਵਾਰ ਔਰਤ ਬਣਾ ਦਿੱਤਾ।
2002 'ਚ ਜਦੋਂ ਰੁੱਕਈਆ 'ਤੇ ਹਮਲਾ ਹੋਇਆ ਸੀ ਤਾਂ ਉਹ 14 ਸਾਲ ਦੀ ਸੀ। ਹਮਲਾ ਕਰਨ ਵਾਲਾ ਰੁੱਕਈਆ ਦੇ ਜੀਜੇ ਦਾ ਭਰਾ ਆਰਿਫ਼ ਸੀ, ਜੋ ਉਸ ਨੂੰ ਇਕਤਰਫਾ ਪਿਆਰ ਕਰਦਾ ਸੀ। ਹਮਲੇ ਵੇਲੇ ਰੁੱਕਈਆ ਆਪਣੀ ਭੈਣ ਇਸ਼ਰਤ ਜਹਾਂ ਕੋਲ ਗਈ ਸੀ। ਹਮਲੇ ਦੌਰਾਨ ਤੜਫਦੀ ਰੁੱਕਈਆ ਨੂੰ ਉਸ ਦੇ ਭਾਈਏ ਸਲੀਮ ਨੇ ਘੁੱਟ ਕੇ ਫੜ ਲਿਆ ਸੀ ਕਿਉਂਕਿ ਉਹ ਬਹੁਤ ਰੋ ਰਹੀ ਸੀ। ਉਨ੍ਹਾਂ ਨੂੰ ਸਮਝ ਨਹੀਂ ਸੀ ਆਈ ਕਿ ਕੀ ਹੋਇਆ ਹੈ। ਜੱਫੀ 'ਚ ਲੈਣ ਕਰ ਕੇ ਰੁੱਕਈਆ ਦੇ ਭਾਈਆ ਸਲੀਮ ਦੀ ਛਾਤੀ ਅਤੇ ਥੋੜ੍ਹੀਆਂ ਜਿਹੀਆਂ ਬਾਹਾਂ ਵੀ ਝੁਲਸ ਗਈਆਂ ਸਨ।
ਰੁੱਕਈਆ ਵੀ ਉਨ੍ਹਾਂ ਕੁੜੀਆਂ ਦਾ ਹਿੱਸਾ ਹੈ, ਜਿਸ ਦੀ ਐੱਫ. ਆਈ. ਆਰ. ਨਹੀਂ ਹੋਈ। ਹਮਲਾ ਕਰਨ ਵਾਲਾ ਆਰਿਫ਼ ਅਲੀਗੜ੍ਹ ਤੋਂ ਆਪਣੇ ਪਰਿਵਾਰ ਨਾਲੋਂ ਵੱਖ ਹੋ ਗਿਆ। ਆਰਿਫ਼ ਦੇ ਪਰਿਵਾਰ ਨੇ ਉਸ ਨਾਲ ਇਸ ਤੋਂ ਬਾਅਦ ਕੋਈ ਸਬੰਧ ਨਹੀਂ ਰੱਖਿਆ। ਰੁੱਕਈਆ ਮੁਤਾਬਕ ਉਹ ਸ਼ਾਇਦ ਦਿੱਲੀ ਰਹਿੰਦਾ ਹੈ। ਉਸ ਨਾਲ ਕਿਸੇ ਨੇ ਕੋਈ ਰਿਸ਼ਤਾ ਨਹੀਂ ਰੱਖਿਆ ਅਤੇ ਨਾ ਹੀ ਉਸ ਨਾਲ ਕੋਈ ਵਿਆਹ ਕਰਨ ਲਈ ਮੰਨਿਆ। ਰੁੱਕਈਆ ਦਾ ਵਿਆਹ 2010 'ਚ ਜ਼ਾਹਿਦ ਨਾਲ ਹੋਇਆ। ਸ਼ੀਰੋਜ਼ ਕੈਫ਼ੇ 'ਚ ਰੁੱਕਈਆ ਟੀਮ ਦਾ ਖਾਸ ਹਿੱਸਾ ਹੈ। ਹੁਣ ਉਸ ਦੀ ਉਮਰ 34 ਸਾਲ ਹੈ। ਹਮੇਸ਼ਾ ਮੁਸਕਰਾਉਂਦੀ ਅਤੇ ਉਮੀਦ ਦੀਆਂ ਕਹਾਣੀਆਂ ਕਹਿੰਦੀ ਉਹ ਹਰ ਪਹੁੰਚੇ ਸੈਲਾਨੀ ਨੂੰ ਤੇਜ਼ਾਬੀ ਹਮਲਿਆਂ ਦੀ ਦਾਸਤਾਨ ਤੋਂ ਜਾਣੂ ਕਰਵਾਉਂਦੀ ਜਾਗਰੂਕ ਕਰਦੀ ਹੈ।