ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਨੂੰ 5 ਸਾਲ ਦੀ ਕੈਦ
Wednesday, Apr 26, 2023 - 02:16 PM (IST)
ਲੁਧਿਆਣਾ (ਮਹਿਰਾ) : ਲੁੱਟ-ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਸ਼ੋਕ ਕਪੂਰ ਦੀ ਅਦਾਲਤ ਨੇ ਬਸਤੀ ਜੋਧੇਵਾਲ ਨਿਵਾਸੀ ਸਤਵਿੰਦਰ ਸਿੰਘ ਉਰਫ਼ ਸਾਜਨ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 12 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਵੀ ਦਿੱਤਾ ਹੈ। ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ 15 ਸਤੰਬਰ 2013 ਨੂੰ ਪੁਲਸ ਥਾਣਾ ਬਸਤੀ ਜੋਧੇਵਾਲ ’ਚ ਦਰਜ ਕੀਤੇ ਕੇਸ ਮੁਤਾਬਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਮੁਲਜ਼ਮ ਆਪਣੇ ਸਾਥੀਆਂ ਸਮੇਤ ਇਲਾਕੇ ਦੇ ਲੋਕਾਂ ਨਾਲ ਲੁੱਟ-ਖੋਹ ਕਰਦਾ ਹੈ।
ਸੂਚਨਾ ਮਿਲਣ ’ਤੇ ਪੁਲਸ ਨੇ ਲੁੱਟ-ਖੋਹ ਦਾ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਅਤੇ ਨਾਕੇ ਦੌਰਾਨ ਉਨ੍ਹਾਂ ਨੂੰ ਮੁਲਜ਼ਮ ਸਾਹਮਣਿਓਂ ਆਉਂਦਾ ਦਿਖਾਈ ਦਿੱਤਾ ਅਤੇ ਪੁਲਸ ਨੇ ਫੜ੍ਹ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਬਾਅਦ ਪੁਲਸ ਨੇ ਲੁੱਟ-ਖੋਹ ਦੀਆਂ ਧਾਰਾਵਾਂ ਦੇ ਨਾਲ ਨਸ਼ਾ ਤਸਕਰੀ ਦੀਆਂ ਧਾਰਾਵਾਂ ਜੋੜ ਕੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਵਿਚ ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।