''ਕੋਰੋਨਾ'' ਪੀੜਤ ਨਿਕਲਿਆ ਕਤਲ ਦੀ ਕੋਸ਼ਿਸ਼ ਦਾ ਦੋਸ਼ੀ

Thursday, Nov 19, 2020 - 10:58 AM (IST)

ਲੁਧਿਆਣਾ (ਜ. ਬ.) : ਕਤਲ ਦੀ ਕੋਸ਼ਿਸ਼, ਲੁੱਟ-ਖੋਹ ਸਮੇਤ ਅੱਧਾ ਦਰਜਨ ਸੰਗੀਨ ਕੇਸਾਂ ’ਚ ਸ਼ਾਮਲ ਰਹਿ ਚੁੱਕੇ ਜਿਸ ਬਦਮਾਸ਼ ਨੂੰ 6 ਦਿਨ ਪਹਿਲਾਂ ਬਸਤੀ ਜੋਧੇਵਾਲ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਉਹ ਕੋਰੋਨਾ ਟੈਸਟ ਦੌਰਾਨ ਪਾਜ਼ੇਟਿਵ ਨਿਕਲਿਆ। ਪੁਲਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾ ਕੇ ਪਹਿਰਾ ਬਿਠਾ ਦਿੱਤਾ ਹੈ। ਜੋਧੇਵਾਲ ਮੁਖੀ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਕਾਲੀ ਸੜਕ ਦੀ ਨੰਦ ਕਾਲੋਨੀ ਦੇ ਰਹਿਣ ਵਾਲੇ 21 ਸਾਲਾ ਰਾਕ ਨਾਮੀ ਬਦਮਾਸ਼ ਨੂੰ ਸੂਚਨਾ ਦੇ ਆਧਾਰ ’ਤੇ ਸਬਜ਼ੀ ਮੰਡੀ ਕੋਲੋਂ ਕਾਬੂ ਕੀਤਾ ਸੀ।

ਮੁਲਜ਼ਮ ਕਤਲ ਦੀ ਕੋਸ਼ਿਸ਼ ਦੇ ਕੇਸ ’ਚ ਪੁਲਸ ਨੂੰ ਲੋੜੀਂਦਾ ਸੀ। ਉਸ ਦੇ ਕਬਜ਼ੇ ’ਚੋਂ ਇਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਜੋਧੇਵਾਲ ਅਤੇ ਸਲੇਮ ਟਾਬਰੀ ਥਾਣੇ ’ਚ ਅੱਧਾ ਦਰਜਨ ਦੇ ਕਰੀਬ ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ’ਚ ਉਹ ਪੁਲਸ ਨੂੰ ਲੋੜੀਂਦਾ ਸੀ। ਗ੍ਰਿਫ਼ਤਾਰੀ ਤੋਂ ਅਗਲੇ ਦਿਨ 13 ਨਵੰਬਰ ਨੂੰ ਉਸ ਦਾ ਕੋਵਿਡ ਟੈਸਟ ਕਰਵਾਇਆ ਗਿਆ, ਜਿਸ ’ਚ ਉਹ ਵਾਇਰਸ ਤੋਂ ਪੀੜਤ ਪਾਇਆ ਗਿਆ। ਅਦਾਲਤ ਦੇ ਹੁਕਮ ’ਤੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲਕਰਵਾ ਦਿੱਤਾ ਗਿਆ ਹੈ। ਉਸ ਦੀ ਨਿਗਰਾਨੀ ਲਈ 3 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
 


Babita

Content Editor

Related News