ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰਨ ਵਾਲੇ 5 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, 1 ਹੋਰ ਮਾਮਲੇ ਦੀ ਸੁਲਝ ਸਕਦੀ ਹੈ ਗੁੱਥੀ

Sunday, Dec 18, 2022 - 01:52 AM (IST)

ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰਨ ਵਾਲੇ 5 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, 1 ਹੋਰ ਮਾਮਲੇ ਦੀ ਸੁਲਝ ਸਕਦੀ ਹੈ ਗੁੱਥੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਗਵਾ ਹੋਏ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਉਕਤ ਨੌਜਵਾਨ ਨੂੰ 25 ਨਵੰਬਰ ਨੂੰ ਅਗਵਾ ਕੀਤਾ ਗਿਆ ਸੀ। ਉਕਤ ਨੌਜਵਾਨ ਦੇ ਪਰਿਵਾਰ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੁਣ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਇਸ ਮਾਮਲੇ ਵਿਚ ਪੁਲਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ - ਸ੍ਰੀ ਮੁਕਤਸਰ ਸਾਹਿਬ 'ਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ, ਕਿਡਨੈਪਰਾਂ ਨੇ ਪਰਿਵਾਰ ਤੋਂ ਮੰਗੇ ਸਨ 30 ਲੱਖ ਰੁਪਏ

ਮਾਮਲੇ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਫਰੀਦਕੋਟ ਰੇਂਜ ਦੇ ਆਈ.ਜੀ. ਵਿਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਪਿੰਡ ਕੋਟਭਾਈ ਤੋਂ ਮਿਤੀ 25.11.2022 ਨੂੰ ਅਗਵਾ ਹੋਏ ਲੜਕੇ ਸਬੰਧੀ ਕੇਸ ਸੁਲਝਾ ਕੇ 05 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਛਲੇ ਦਿਨੀ ਪਿੰਡ ਕੋਟਭਾਈ ਤੋਂ ਇਕ ਲੜਕਾ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਕਰੀਬ 20 ਸਾਲ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਪਾਸੋਂ 30 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਸੁਖਦੇਵ ਸਿੰਘ ਪੁੱਤਰ ਮਨਹੋਰ ਸਿੰਘ ਦੇ ਬਿਆਨ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਤਰਨਤਾਰਨ RPG ਹਮਲਾ : ਦੋ ਨਾਬਾਲਗ ਮੁਲਜ਼ਮਾਂ ਨੂੰ ਭੇਜਿਆ ਬਾਲ ਸੁਧਾਰ ਘਰ, ਬਾਕੀ 4 ਬੁੱਧਵਾਰ ਤਕ ਰਿਮਾਂਡ 'ਤੇ

ਪੁਲਿਸ ਵੱਲੋਂ ਇਸ ਮਾਮਲੇ ਵਿਚ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਲੀਕੇ ਝੁੱਗੀਆਂ ਜਿਲ੍ਹਾ ਫਿਰੋਜ਼ਪੁਰ, ਰਮਨਦੀਪ ਕੌਰ ਪਤਨੀ ਨਵਜੋਤ ਸਿੰਘ ਵਾਸੀ ਦੁੱਲਾ ਪੁਰ ਕੇਰੀ (ਰਾਜਸਥਾਨ), ਮਨਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਗੁਰਸੇਵਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਾਮ ਖੇੜਾ (ਸ੍ਰੀ ਮੁਕਤਸਰ ਸਾਹਿਬ), ਜਗਮੀਤ ਸਿੰਘ ਉਰਫ ਮੂਸ਼ੀ ਪੁੱਤਰ ਮਹਿੰਦਰ ਸਿੰਘ ਵਾਸੀ ਮਲਕਾਣਾ (ਬਠਿੰਡਾ) ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ 25 ਨਵੰਬਰ ਨੂੰ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਵੱਲੋਂ ਹਰਮਨ ਸਿੰਘ ਨੂੰ ਪਿੰਡ ਕੋਟਭਾਈ ਤੋਂ ਅਗਵਾ ਕਰਕੇ ਗੁਰਸੇਵਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਾਮ ਖੇੜਾ ਦੇ ਘਰ ਲੈ ਗਿਆ ਜਿੱਥੇ ਮਨਦੀਪ ਸਿੰਘ ਉਰਫ ਗੱਗੂ, ਜਗਮੀਤ ਸਿੰਘ ਉਰਫ ਮੂਸ਼ੀ, ਮਨਪ੍ਰੀਤ ਸਿੰਘ ਉਰਫ ਪੀਤਾ, ਲਾਲੂ ਅਤੇ ਰਮਨਦੀਪ ਕੌਰ ਪਹਿਲਾ ਤੋਂ ਹੀ ਮੌਜੂਦ ਸਨ। ਦੇਰ ਸ਼ਾਮ ਇਸ ਮਾਮਲੇ ਵਿਚ ਪਿੰਡ ਕੋਟਭਾਈ ਵਾਸੀ ਯਾਦਵਿੰਦਰ ਸਿੰਘ ਜੋ ਕਿ ਕਬੱਡੀ ਖਿਡਾਰੀ ਹੈ ਅਤੇ ਪਿੰਡ ਖੂਈਆ ਮਲਕਾਣਾ ਵਾਸੀ ਸਤਪਾਲ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਕਤਲ ਕਰ ਕੇ ਦਫਨਾਈ ਲਾਸ਼, ਫਿਰ ਮੰਗਣੀ ਸ਼ੁਰੂ ਕੀਤੀ ਫਿਰੌਤੀ

ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਨਵਜੋਤ ਸਿੰਘ ਵੱਲੋਂ ਆਪਣੇ ਦੂਸਰੇ ਸਾਥੀਆਂ ਨਾਲ ਮਿਲ ਕੇ ਹਰਮਨ ਸਿੰਘ ਦਾ ਉਸੇ ਸਮੇਂ ਉਸੇ ਦਿਨ ਕਤਲ ਕਰਕੇ, ਉਸ ਦੀ ਲਾਸ਼ ਨੂੰ ਗੁਰਸੇਵਕ ਸਿੰਘ ਦੇ ਖੇਤਾਂ ਵਿਚ ਦਫਨਾ ਦਿੱਤਾ। ਲਾਸ਼ ਦਫਨਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਸ਼ੂਰੂ ਕਰ ਦਿੱਤੀ ਗਈ। ਫਿਰੌਤੀ ਲਈ ਚਿੱਠੀਆਂ ਉਕਤ ਮੁਲਜ਼ਮਾਂ ਵਿਚੋਂ ਇਕ ਦੀ ਨਾਬਾਲਗ ਲੜਕੀ ਵੱਲੋਂ ਲਿਖੀਆਂ ਜਾਂਦੀਆਂ ਸਨ ਅਤੇ ਇਹ ਚਿੱਠੀਆਂ ਮਲਕੀਤ ਸਿੰਘ ਵੱਲੋਂ ਸੁੱਟੀਆਂ ਜਾਂਦੀਆਂ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਹਰਮਨ ਸਿੰਘ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਹਰਮਨ ਸਿੰਘ ਅਤੇ ਨਵਜੋਤ ਸਿੰਘ ਪਹਿਲਾਂ ਤੋਂ ਇਕ ਦੂਸਰੇ ਨੂੰ ਜਾਣਦੇ ਸਨ ਇਸ ਕਰਕੇ ਉਨ੍ਹਾਂ ਨੂੰ ਆਪਣੇ ਫੜੇ ਜਾਣ ਦਾ ਡਰ ਸੀ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਨਵਜੋਤ ਸਿੰਘ 3 ਦਸੰਬਰ ਨੂੰ ਦੁਬਈ ਚਲਾ ਗਿਆ ਹੈ ਜੋ ਫਿਰੌਤੀ ਸਬੰਧੀ ਦੁਬਈ ਤੋਂ ਵਟਸ ਐਪ ਰਾਂਹੀ ਕਾਲ ਕਰਦਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਹਰਮਨ ਸਿੰਘ ਦੀ ਲਾਸ਼ ਨੂੰ ਡਿਊਟੀ ਮੈਜਿਸਟ੍ਰੈਟ ਦੀ ਹਾਜ਼ਰੀ ਵਿਚ ਗੁਰਸੇਵਕ ਸਿੰਘ ਪਿੰਡ ਸ਼ਾਮ ਖੇੜ੍ਹਾ ਦੇ ਖੇਤ ਵਿਚੋਂ ਬਰਾਮਦ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸੜਕਾਂ ਦੀ ਮੁਰੰਮਤ ਨੂੰ ਲੈ ਕੇ ਮਾਨ ਸਰਕਾਰ ਨੇ ਮੁਅੱਤਲ ਕੀਤੇ ਦੋ ਇੰਜੀਨੀਅਰ, ਜਾਣੋ ਕੀ ਹੈ ਪੂਰਾ ਮਾਮਲਾ

ਇਕ ਹੋਰ ਕੇਸ ਦੀ ਸੁਲਝ ਸਕਦੀ ਹੈ ਗੁੱਥੀ

ਮਲਕੀਤ ਸਿੰਘ ਨੇ ਮੰਨਿਆ ਕਿ ਉਸ ਵੱਲੋਂ ਪਹਿਲਾਂ ਵੀ ਸਮੇਤ ਨਵਜੋਤ ਸਿੰਘ, ਮਨਦੀਪ ਸਿੰਘ ਅਤੇ ਜਗਮੀਤ ਸਿੰਘ ਉਰਫ ਮੂਸ਼ੀ, ਇਕ ਹੋਰ ਲੜਕੇ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗੁੜੀ ਸੰਘਰ ਦਾ ਵੀ ਕਤਲ ਕੀਤਾ ਹੈ। ਇਸ ਸਬੰਧੀ ਥਾਣਾ ਕੋਟਭਾਈ ਵਿਚ 20 ਮਾਰਚ ਨੂੰ ਮੁਕੱਦਮਾ ਨੰਬਰ 52 ਦਰਜ ਹੋਇਆ ਹੈ। ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਕੱਦਮਾ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News