4 ਸਾਲ ਪਹਿਲਾਂ ਜ਼ਮਾਨਤ ਦੇਣ ਵਾਲੇ ਸ਼ਖ਼ਸ ਨੇ ਭਗੌੜੇ ਨੂੰ ਦਬੋਚਿਆ, ਪੁਲਸ ਹਵਾਲੇ ਕੀਤਾ
Sunday, Oct 30, 2022 - 04:31 PM (IST)
ਲੁਧਿਆਣਾ (ਤਰੁਣ) : 4 ਸਾਲ ਪਹਿਲਾਂ ਜਲੰਧਰ ਪੁਲਸ ਵੱਲੋਂ ਅਪਰਾਧਿਕ ਮਾਮਲੇ 'ਚ ਇਕ ਭਗੌੜੇ ਇਕ ਦੋਸ਼ੀ ਨੂੰ ਲੁਧਿਆਣਾ ਦੇ ਜਗਰਾਓਂ ਪੁਲ ਨੇੜਿਓਂ ਕਾਬੂ ਕੀਤਾ ਗਿਆ ਹੈ। ਉਕਤ ਦੋਸ਼ੀ ਕੋਲੋਂ 50 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਦੋਸ਼ੀ ਜਲੰਧਰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਇਸ ਕੇਸ 'ਚ ਦੋਸ਼ੀ ਦੀ ਜ਼ਮਾਨਤ ਦੇਣ ਵਾਲੇ ਸ਼ਖ਼ਸ ਨੇ ਦੋਸ਼ੀ ਨੂੰ ਦਬੋਚਣ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਦੋਸ਼ੀ ਦੀ ਪਛਾਣ ਸੁਨੀਲ ਦੇ ਰੂਪ 'ਚ ਹੋਈ ਹੈ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਜ਼ਮਾਨਤ ਦੇਣ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਲੁਧਿਆਣਾ ਦੀ ਮੰਡੀ 'ਚ ਉਹ ਸਬਜ਼ੀ ਦੀ ਰੇਹੜੀ ਲਾਉਂਦਾ ਹੈ।
2018 'ਚ ਜਲੰਧਰ ਦੀ ਰੇਲਵੇ ਪੁਲਸ ਨੇ ਸਰਕਾਰੀ ਜਾਇਦਾਦ ਚੋਰੀ ਕਰਨ ਦੇ ਦੋਸ਼ 'ਚ ਸੁਨੀਲ 'ਤੇ ਕੇਸ ਦਰਜ ਕੀਤਾ ਸੀ। ਉਸ ਨੇ ਭਲਾ ਕਰਨ ਦੀ ਨੀਅਤ ਨਾਲ ਸੁਨੀਲ ਦੀ ਜ਼ਮਾਨਤ ਦਿੱਤੀ ਸੀ। ਜ਼ਮਾਨਤ ਮਿਲਣ ਮਗਰੋਂ ਦੋਸ਼ੀ ਸੁਨੀਲ ਅਦਾਲਤ 'ਚ ਨਹੀਂ ਗਿਆ ਅਤੇ ਜਲੰਧਰ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ। ਇਸ ਕਾਰਨ ਕਾਨੂੰਨ ਅਤੇ ਅਦਾਲਤ ਦੇ ਚੱਕਰਾਂ 'ਚ ਉਹ ਪਰੇਸ਼ਾਨ ਹੋਣ ਲੱਗਾ। ਉਹ ਰੋਜ਼ਾਨਾ ਦੇ ਨੋਟਿਸ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਸੀ।
ਇਸ ਤੋਂ ਬਾਅਦ ਉਸ ਨੇ ਖ਼ੁਦ ਸੁਨੀਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੂੰ ਪਤਾ ਲੱਗਿਆ ਕਿ ਸੁਨੀਲ ਜਗਰਾਓਂ ਪੁਲ ਰੇਲਵੇ ਲਾਈਨਾਂ ਦੇ ਨੇੜੇ ਹਨ। ਉਹ ਤੁਰੰਤ 2-3 ਸਾਥੀਆਂ ਨਾਲ ਮੌਕੇ 'ਤੇ ਪਹੁੰਚਿਆ ਅਤੇ ਸੁਨੀਲ ਨੂੰ ਦਬੋਚ ਲਿਆ। ਸ਼ੁਰੂਆਤ 'ਚ ਸੁਨੀਲ ਨੇ ਕਾਫ਼ੀ ਹੰਗਾਮਾ ਕੀਤਾ ਪਰ ਜਨਤਾ ਦੀ ਮਦਦ ਨਾਲ ਉਸ ਨੇ ਸੁਨੀਲ ਦੇ ਪੈਂਤਰੇ ਨਹੀਂ ਚੱਲਣ ਦਿੱਤੇ ਅਤੇ ਇਸ ਦੀ ਸੂਚਨਾ ਇਲਾਕਾ ਪੁਲਸ ਨੂੰ ਦਿੱਤੀ।