ਕੰਮ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, 2 ਘਰਾਂ ਦੇ ਬੁਝੇ ਚਿਰਾਗ
Friday, Feb 24, 2023 - 10:32 PM (IST)
ਬਨੂੜ (ਗੁਰਪਾਲ)-ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਰਾਜਮਾਰਗ ’ਤੇ ਤੇਜ਼ ਰਫ਼ਤਾਰ ਕਰੇਟਾ ਕਾਰ ਵੱਲੋਂ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦੇਣ ’ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ ਭਿਆਨਕ ਹਾਦਸੇ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖਲੌਰ ਤੇ ਚੰਗੇਰਾ ਦੇ 3 ਨੌਜਵਾਨ, ਜੋ ਨੇੜਲੇ ਪਿੰਡ ਬੂਟਾ ਸਿੰਘ ਵਾਲਾ ’ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ। ਇਨ੍ਹਾਂ ਨੌਜਵਾਨਾਂ ਦਾ ਅੱਜ ਅੰਗਰੇਜ਼ੀ ਦਾ ਪੇਪਰ ਸੀ। ਇਹ ਸਾਰੇ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਵੇਟਰ ਦਾ ਕੰਮ ਕਰਦੇ ਸਨ। ਬੀਤੀ ਰਾਤ ਇਹ ਨੌਜਵਾਨ ਜ਼ੀਰਕਪੁਰ ਨੇੜਿਓਂ ਕਿਸੇ ਪੈਲੇਸ ’ਚੋਂ ਵਿਆਹ ਸਮਾਗਮ ’ਚੋਂ ਕੰਮ ਨਿਬੇੜ ਕੇ ਰਾਤ 1 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜਦੋਂ ਇਹ ਮੋਟਰਸਾਈਕਲ ਸਵਾਰ ਬੀਤੀ ਦੇਰ ਰਾਤ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਰਾਜਮਾਰਗ ’ਤੇ ਸਥਿਤ ਪਿੰਡ ਬੂਟਾ ਸਿੰਘ ਵਾਲਾ ਦੀ ਹਦੂਦ ’ਚ ਆਏ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰੀ। ਹਾਦਸੇ ’ਚ ਮੋਟਰਸਾਈਕਲ ’ਤੇ ਸਵਾਰ ਤਿੰਨੋਂ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਨ੍ਹਾਂ ਨੌਜਵਾਨਾਂ ਨੂੰ ਚੁੱਕ ਕੇ ਇਲਾਜ ਲਈ ਮੋਹਾਲੀ ਦੇ ਸਰਕਾਰੀ ਹਸਪਤਾਲ ’ਚ ਲੈ ਕੇ ਗਏ ਤਾਂ ਡਾਕਟਰਾਂ ਨੇ 2 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਕ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਹ ਨੌਜਵਾਨ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ
ਇਸ ਖ਼ਤਰਨਾਕ ਟੱਕਰ ਤੋਂ ਬਾਅਦ ਦੋਵੇਂ ਵਾਹਨ ਮਾਰਗ ਨੇੜਲੇ ਖਤਾਨਾਂ ’ਚ ਉਤਰ ਗਏ। ਜਦੋਂ ਜਾਂਚ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (19) ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਚੰਗੇਰਾ, ਜੋ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਛਿੰਦਾ ਸਿੰਘ (19) ਪੁੱਤਰ ਦਰਸ਼ਨ ਸਿੰਘ ਪਿੰਡ ਖਲੌਰ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਜਤਿਨ ਕੁਮਾਰ (17) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਖਲੌਰ ਵਜੋਂ ਹੋਈ। ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।