ਜਲੰਧਰ-ਲੁਧਿਆਣਾ ਹਾਈਵੇਅ ''ਤੇ ਵੱਡਾ ਹਾਦਸਾ ਟਲ਼ਿਆ! ਡੀਜ਼ਲ ਨਾਲ ਭਰੇ ਕੈਂਟਰ ਦੇ ਟਾਇਰਾਂ ਨੂੰ ਲੱਗੀ ਅੱਗ

Thursday, Sep 10, 2026 - 08:12 PM (IST)

ਜਲੰਧਰ-ਲੁਧਿਆਣਾ ਹਾਈਵੇਅ ''ਤੇ ਵੱਡਾ ਹਾਦਸਾ ਟਲ਼ਿਆ! ਡੀਜ਼ਲ ਨਾਲ ਭਰੇ ਕੈਂਟਰ ਦੇ ਟਾਇਰਾਂ ਨੂੰ ਲੱਗੀ ਅੱਗ

ਲੁਧਿਆਣਾ (ਅਨਿਲ): ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਡੀਜ਼ਲ ਨਾਲ ਭਰੇ ਕੈਂਟਰ ਦੇ ਪਿਛਲੇ ਟਾਇਰਾਂ ਨੂੰ ਅਚਾਨਕ ਅੱਗ ਲੱਗ ਗਈ। ਡੀਜ਼ਲ ਨਾਲ ਭਰੇ ਕੈਂਟਰ ਵਿਚ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਲਾਡੋਵਾਲ ਦੀ ਪੁਲਸ ਨੇ ਤੁਰੰਤ ਹਾਈਵੇਅ ਦੇ ਦੋਵਾਂ ਪਾਸਿਆਂ ਦੀ ਆਵਾਜਾਈ ਰੋਕ ਦਿੱਤੀ, ਜਿਸ ਨਾਲ ਵੱਡੇ ਹਾਦਸੇ ਨੂੰ ਸਮਾਂ ਰਹਿੰਦੇ ਟਾਲ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਅਤੇ ਟ੍ਰੈਫਿਕ ਜ਼ੋਨ ਇੰਚਾਰਜ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਸੂਚਨਾ ਮਿਲੀ ਸੀ ਕਿ ਫਤੇਹਪੁਰ ਗੁਜਰਾਂ ਕੋਲ ਡੀਜ਼ਲ ਲੈ ਕੇ ਜਲੰਧਰ ਵੱਲ ਜਾ ਰਹੇ ਕੈਂਟਰ ਦੇ ਪਿਛਲੇ ਟਾਇਰਾਂ ਵਿਚ ਅਚਾਨਕ ਅੱਗ ਲੱਗ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਅੱਗ ਲੱਗਦਿਆਂ ਹੀ ਕੈਂਟਰ ਚਾਲਕ ਨੇ ਸਮਝਦਾਰੀ ਦਿਖਾਉਂਦੇ ਹੋਏ ਵਾਹਨ ਨੂੰ ਸੜਕ ਕਿਨਾਰੇ ਰੋਕ ਦਿੱਤਾ। ਉਸ ਨੇ ਕੈਂਟਰ ਵਿਚ ਮੌਜੂਦ ਫਾਇਰ ਸੇਫਟੀ ਸਿਸਟਮ ਦੀ ਮਦਦ ਨਾਲ ਟਾਇਰਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ, ਪਰ ਟਾਇਰ ਬਹੁਤ ਜ਼ਿਆਦਾ ਗਰਮ ਹੋ ਚੁੱਕੇ ਸਨ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਡੀਜ਼ਲ ਨਾਲ ਭਰੇ ਕੈਂਟਰ ਵਿਚ ਅੱਗ ਲੱਗਣ ਕਾਰਨ ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਖ਼ਦਸ਼ੇ ਨੂੰ ਦੇਖਦਿਆਂ ਹਾਈਵੇਅ ਦੇ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ। ਪੁਲਸ ਵੱਲੋਂ ਆਵਾਜਾਈ ਰੋਕਣ ਕਾਰਨ ਹੋਰ ਵਾਹਨ ਅੱਗ ਦੀ ਲਪੇਟ ਵਿਚ ਆਉਣ ਤੋਂ ਬਚ ਗਏ ਅਤੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋਣ ਤੋਂ ਰੋਕ ਕੇ ਸਥਿਤੀ ਨੂੰ ਕੰਟਰੋਲ ਵਿਚ ਰੱਖਿਆ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਡੇਢ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਬੁਝਣ ਤੋਂ ਬਾਅਦ ਪੁਲਸ ਨੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਦੁਬਾਰਾ ਚਾਲੂ ਕਰਵਾਈ। ਪੁਲਸ ਦੀ ਤੁਰੰਤ ਕਾਰਵਾਈ ਅਤੇ ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ।


author

Anmol Tagra

Content Editor

Related News