ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
Wednesday, Dec 08, 2021 - 02:13 PM (IST)

ਬੱਧਣੀ ਕਲਾਂ, ਚੜਿੱਕ (ਬੱਬੀ) : ਸ਼ਹਿਰ ਦੀ ਟਰੱਕ ਯੂਨੀਅਨ ਨੇੜੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਪੈਦਲ ਜਾ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਵੀ ਮੌਕੇ ਤੋਂ ਫ਼ਰਾਰ ਹੋਣ ’ਚ ਸਫਲ ਹੋ ਗਿਆ। ਇਸ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਨਾਹਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਬੱਧਨੀ ਕਲਾਂ ਨੇ ਦੱਸਿਆਂ ਸਵੇਰੇ 6 ਵਜੇ ਦੇ ਕਰੀਬ ਉਹ ਸੈਰ ਲਈ ਬਰਨਾਲਾ ਰੋਡ ਵੱਲ ਜਾ ਰਿਹਾ ਸੀ, ਇਸ ਦੌਰਾਨ ਟਰੱਕ ਯੂਨੀਅਨ ਨਜ਼ਦੀਕ ਬਰਨਾਲਾ ਸਾਇਡ ਵਾਲੇ ਪਾਸਿਓਂ ਆ ਰਹੇ ਇਕ ਅਣਪਛਾਤੇ ਵਾਹਨ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਫੇਟ ਮਾਰ ਦਿੱਤੀ ਅਤੇ ਆਪਣਾ ਵਾਹਨ ਮੌਕੇ ਤੋਂ ਭਜਾ ਕੇ ਲੈ ਗਿਆ।
ਹਨ੍ਹੇਰਾ ਅਤੇ ਧੁੰਦ ਹੋਣ ਕਾਰਣ ਮੈਨੂੰ ਵੀ ਉਕਤ ਵਾਹਨ ਦੀ ਪਛਾਣ ਨਹੀਂ ਹੋ ਸਕੀ। ਜਦੋਂ ਮੈਂ ਉਸ ਵਿਅਕਤੀ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨਾਹਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਬੱਧਣੀ ਕਲਾਂ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।