ਧੁੰਦ ਕਾਰਨ 8 ਵਾਹਨ ਆਪਸ ''ਚ ਟਕਰਾਏ
Saturday, Nov 04, 2017 - 07:44 AM (IST)

ਗਿੱਦੜਬਾਹਾ (ਕੁਲਭੂਸ਼ਨ) - ਅੱਜ ਵੱਖ-ਵੱਖ ਥਾਵਾਂ 'ਤੇ ਵਾਪਰੇ ਹਾਦਸਿਆਂ 'ਚ ਧੁੰਦ ਕਾਰਨ 8 ਵਾਹਨ ਆਪਸ 'ਚ ਟਕਰਾ ਗਏ । ਸਵੇਰੇ ਗਿੱਦੜਬਾਹਾ ਵਿਖੇ ਵਾਪਰੇ ਸੜਕ ਹਾਦਸੇ ਵਿਚ 7 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਆਪਣੇ ਆਟੋ ਰਾਹੀਂ ਗਿੱਦੜਬਾਹਾ ਤੋਂ ਬਠਿੰਡਾ ਵੱਲ ਜਾ ਰਿਹਾ ਸੀ, ਜਦਕਿ ਉਸ ਦੇ ਆਟੋ ਵਿਚ ਬਲਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੋਹਾਰਾ, ਗੁਲਾਬ ਦਾਸ ਪੁੱਤਰ ਸੁਖਮੰਦਰ ਸਿੰਘ ਵਾਸੀ ਲੋਹਾਰਾ, ਜੱਸਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਾਲਬਾਈ, ਬੱਗਾ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਲਾਲਬਾਈ, ਸੁਖਦੇਵ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਕੋਟਭਾਈ ਅਤੇ ਨੈਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਟਭਾਈ ਸਵਾਰ ਸਨ। ਜਦੋਂ ਉਕਤ ਆਟੋ ਗਿੱਦੜਬਾਹਾ-ਬਠਿੰਡਾ ਰੋਡ 'ਤੇ ਡੇਰਾ ਲੰਗ ਦੇ ਨਜ਼ਦੀਕ ਪੁੱਜਾ ਤਾਂ ਆਟੋ ਦੇ ਅੱਗੇ ਜਾ ਰਹੀ ਇਕ ਟਰੈਕਟਰ-ਟਰਾਲੀ ਨੇ ਬਰੇਕ ਲਾ ਦਿੱਤੀ, ਜਿਸ ਕਾਰਨ ਆਟੋ ਟਰੈਕਟਰ-ਟਰਾਲੀ ਨਾਲ ਟਕਰਾ ਗਿਆ, ਜਿਸ ਦੇ ਨਤੀਜੇ ਵਜੋਂ ਆਟੋ ਚਾਲਕ ਤੇ ਸਵਾਰੀਆਂ ਨੂੰ ਸੱਟਾਂ ਲੱਗੀਆਂ। ਹਾਦਸੇ ਦਾ ਪਤਾ ਲੱਗਣ 'ਤੇ ਸ਼੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ, ਰਾਹਤ ਫਾਊਂਡੇਸ਼ਨ ਦੇ ਬੀਰਬਲ ਭਾਰੂ ਅਤੇ 108 ਐਂਬੂਲੈਂਸ ਦੇ ਕੁਲਵਿੰਦਰ ਸਿੰਘ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਿਊਟੀ 'ਤੇ ਮੌਜੂਦ ਡਾ. ਨਿਤਿਸ਼ ਗੋਇਲ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਉਕਤ ਜ਼ਖਮੀਆਂ ਵਿਚੋਂ ਗੁਲਾਬ ਦਾਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਵਿਖੇ ਰੈਫ਼ਰ ਕੀਤਾ ਗਿਆ ਹੈ, ਜਦਕਿ ਬਾਕੀ ਜ਼ਖਮੀ ਖਤਰੇ ਤੋਂ ਬਾਹਰ ਹਨ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਕਪਾਲ ਮੋਚਨ ਦੀ ਯਾਤਰਾ 'ਤੇ ਜਾ ਰਹੇ ਸਨ ਅਤੇ ਉਨ੍ਹਾਂ ਬਠਿੰਡਾ ਤੋਂ ਰੇਲ ਗੱਡੀ ਲੈਣੀ ਸੀ ਪਰ ਬਠਿੰਡਾ ਪੁੱਜਣ ਤੋਂ ਪਹਿਲਾਂ ਹੀ ਉਹ ਉਕਤ ਹਾਦਸੇ ਦੇ ਸ਼ਿਕਾਰ ਹੋ ਗਏ।
ਨੈਸ਼ਨਲ ਹਾਈਵੇ 'ਤੇ ਖੜ੍ਹੇ ਖਰਾਬ ਟਿੱਪਰ ਨਾਲ ਟਕਰਾਈ ਕਾਰ
ਕੋਟਕਪੂਰਾ (ਨਰਿੰਦਰ) - ਕੋਟਕਪੂਰਾ ਨੇੜੇ ਬਣੇ ਨੈਸ਼ਨਲ ਹਾਈਵੇ 'ਤੇ ਹਾਦਸੇ ਵਾਪਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਦੇ ਬਣਨ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਆਇਆ ਹੋਵੇ ਜਦ ਇਥੇ ਕੋਈ ਹਾਦਸਾ ਨਾ ਵਾਪਰਿਆ ਹੋਵੇ। ਜਾਣਕਾਰੀ ਅਨੁਸਾਰ ਧਨੌਲਾ ਨੇੜਲੇ ਪਿੰਡ ਢੱਡਰੀਆਂ ਦੇ ਇਕ ਬਜ਼ੁਰਗ ਵਿਅਕਤੀ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਮੌਤ ਹੋ ਜਾਣ ਤੋਂ ਬਾਅਦ ਉਸ ਦਾ ਪਰਿਵਾਰ ਉਸ ਦੀ ਲਾਸ਼ ਲੈ ਕੇ ਵਾਪਸ ਜਾ ਰਿਹਾ ਸੀ ਕਿ ਰਾਤ ਸਾਢੇ 12 ਵਜੇ ਦੇ ਕਰੀਬ ਇਹ ਕਾਰ ਜਿਸ ਨੂੰ ਖੁਸ਼ਦਿਲ ਸਿੰਘ ਪੁੱਤਰ ਜਸਵਿੰਦਰ ਸਿੰਘ ਚਲਾ ਰਿਹਾ ਸੀ, ਨੈਸ਼ਨਲ ਹਾਈਵੇ 'ਤੇ ਪਿੰਡ ਸੰਧਵਾਂ ਕੋਲ ਪੁੱਜੀ ਤਾਂ ਉਥੇ ਖਰਾਬ ਖੜ੍ਹੇ ਟਿੱਪਰ ਨਾਲ ਟਕਰਾਅ ਗਈ। ਇਸ ਦੌਰਾਨ ਪਰਿਵਾਰ ਵਾਲੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਪਿੰਡ ਢੱਡਰੀਆਂ ਚਲੇ ਗਏ ਅਤੇ ਕਾਰ ਨਾ ਚੱਲਣ ਕਾਰਨ ਉਥੇ ਹੀ ਛੱਡ ਗਏ। ਫਿਰ ਸਵੇਰੇ 3 ਵਜੇ ਦੇ ਕਰੀਬ ਇਕ ਅਣਪਛਾਤਾ ਕੈਂਟਰ ਤੇ ਬੱਸ ਉਸ ਕਾਰ ਨਾਲ ਟਕਰਾਅ ਗਏ ਅਤੇ ਟਿੱਪਰ ਤੇ ਇਨ੍ਹਾਂ ਵਾਹਨਾਂ ਦੇ ਵਿਚਕਾਰ ਆਉਣ ਕਾਰਨ ਕਾਰ ਬੁਰੀ ਤਰ੍ਹਾਂ ਫ਼ਸ ਗਈ। ਸੂਚਨਾ ਮਿਲਣ 'ਤੇ ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਅਤੇ ਏ. ਐੱਸ. ਆਈ. ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੇ।
ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਟਿੱਪਰ ਮਾਲਕਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲਗਾ ਤੇ ਹੋਰ ਹਾਦਸਿਆਂ ਨੂੰ ਬਚਾਉਣ ਲਈ ਟਿੱਪਰ ਨੂੰ ਇਥੋਂ ਹਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।