ਧੀ ਘਰ ਕਲੇਸ਼ ਹੋਇਆ ਤਾਂ ਅੱਧੀ ਰਾਤ ਨੂੰ ਬੁਲਾ ਲਏ ਮਾਪੇ, ਵਾਪਸ ਪਰਤਦਿਆਂ ਵਾਪਰੇ ਹਾਦਸੇ ਨੇ ਵਿਛਾ ਦਿੱਤੀਆਂ ਲਾਸ਼ਾਂ
Sunday, Nov 13, 2022 - 06:48 PM (IST)
ਸਮਰਾਲਾ (ਗਰਗ, ਬੰਗੜ) : ਸ਼ਨੀਵਾਰ ਨੂੰ ਦੇਰ ਰਾਤ ਸਥਾਨਕ ਬਾਈਪਾਸ ’ਤੇ ਦੋ ਕਾਰਾਂ ਦੀ ਆਪਸ ਵਿਚ ਹੋਈ ਸਿੱਧੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿਚ ਗੰਭੀਰ ਰੂਪ ’ਚ ਜ਼ਖਮੀ ਹੋਏ 4 ਹੋਰ ਵਿਅਕਤੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨਿਵਾਸੀ ਇਕ ਪਰਿਵਾਰ ਦੀ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਸੀ, ਦਾ ਦੇਰ ਰਾਤ ਆਪਣੇ ਸਹੁਰੇ ਘਰ ਝਗੜਾ ਹੋ ਗਿਆ ਅਤੇ ਉਸ ਨੇ ਮਾਪਿਆਂ ਨੂੰ ਫੋਨ ਕਰਕੇ ਬੁਲਾ ਲਿਆ।
ਇਹ ਵੀ ਪੜ੍ਹੋ : ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਦੀਆਂ ਛੱਤਾਂ ’ਤੇ ਚੜ੍ਹੇ ਮੁਲਾਜ਼ਮ
ਪ੍ਰੀਤੀ ਦਾ ਪੇਕਾ ਪਰਿਵਾਰ ਜਿਸ ’ਚ ਉਸ ਦੀ ਮਾਤਾ, ਚਾਚਾ-ਚਾਚੀ ਅਤੇ ਇਕ ਹੋਰ ਗੁਆਢੀ ਕਾਰ ਵਿਚ ਸਵਾਰ ਹੋ ਕੇ ਰਾਤ ਨੂੰ ਹੀ ਆਪਣੀ ਧੀ ਦੇ ਸਹੁਰੇ ਘਰ ਪੁੱਜੇ ਅਤੇ ਉੱਥੋਂ ਆਪਣੀ ਧੀ ਪ੍ਰੀਤੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਨੂੰ ਪਰਤ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਸਮਰਾਲਾ ਬਾਈਪਾਸ ’ਤੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇਕ ਹੋਰ ਤੇਜ਼ ਰਫ਼ਤਾਰ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸਾਬਤ ਹੋਈ ਕਿ ਇਸ ਹਾਦਸੇ ਵਿਚ ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਅਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਲੜਕੀ ਪ੍ਰੀਤੀ (25) ਅਤੇ ਉਸ ਦੇ ਇਕ ਹੋਰ ਗੁਆਢੀ ਮੱਖਣ ਸਿੰਘ ਸਮੇਤ ਦੂਜੀ ਕਾਰ ਵਿਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਗਿੱਦੜਬਾਹਾ ਰੇਲਵੇ ਸਟੇਸ਼ਨ ’ਤੇ ਵਾਪਰੀ ਦਿਲ ਕੰਬਾਉਣ ਵਾਲੀ ਘਟਨਾ, ਮਾਂ-ਪੁੱਤ ਨੂੰ ਇਸ ਹਾਲਤ ’ਚ ਦੇਖ ਦਹਿਲੇ ਲੋਕ
ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡਕੀਲ ਅਫ਼ਸਰ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ ਕਰੀਬ 10 ਵਜੇ ਇਸ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਲਿਆਂਦਾ ਗਿਆ। ਜਿਨ੍ਹਾਂ ਵਿਚ ਤਿੰਨ ਵਿਅਕਤੀਆਂ ਦੀ ਤਾਂ ਮੌਤ ਹੋ ਚੁੱਕੀ ਸੀ। ਜਦਕਿ ਪ੍ਰੀਤੀ ਅਤੇ ਮੱਖਣ ਸਿੰਘ ਵਾਸੀ ਮਾਛੀਵਾੜਾ ਸਮੇਤ ਕੋਟਕਪੁਰਾ ਦੇ ਰਹਿਣ ਵਾਲੇ ਹੈਪੀ ਅਤੇ ਪਵਨਦੀਪ ਕੁਮਾਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਧਰ ਇਸ ਹਾਦਸੇ ’ਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤੀ (25) ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ। ਪਹਿਲਾਂ ਉਸ ਨੂੰ ਲੁਧਿਆਣਾ ਅਤੇ ਉੱਥੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਪਰ ਬਾਅਦ ਵਿਚ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਭੇਜ ਦਿੱਤਾ ਹੈ। ਦੂਜੇ ਪਾਸੇ ਦੁਰਘਟਨਾ ਤੋਂ ਬਾਅਦ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਨੇੜੇ ਇਨੋਵਾ ਤੇ ਬੱਸ ਦੀ ਹੋਈ ਆਹਮੋ-ਸਾਹਮਣੇ ਟੱਕਰ, ਮੌਕੇ ’ਤੇ ਦੋ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।