ਮਕੌੜਾ ਪੱਤਣ ਦੇ ਪਲਟੂਨ ਪੁਲ ’ਤੇ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਪਲਟਿਆ

Sunday, Nov 22, 2026 - 04:03 PM (IST)

ਮਕੌੜਾ ਪੱਤਣ ਦੇ ਪਲਟੂਨ ਪੁਲ ’ਤੇ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਪਲਟਿਆ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ ਬਣੇ ਪਲਟੂਨ ਪੁਲ ’ਤੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਇੱਕ ਟਰਾਲਾ ਅਚਾਨਕ ਪਲਟ ਗਿਆ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਨੇ ਵਾਲ-ਵਾਲ ਬਚ ਕੇ ਆਪਣੀ ਜਾਨ ਬਚਾਈ, ਜਦੋਂ ਕਿ ਟਰਾਲਾ ਪਲਟਣ ਕਾਰਨ ਪੁਲ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰੈਕਟਰ-ਟਰਾਲਾ ਜਦੋਂ ਮਕੌੜਾ ਪੱਤਣ ਦੇ ਪਲਟੂਨ ਪੁਲ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਟਰਾਲਾ ਬੇਕਾਬੂ ਹੋ ਕੇ ਪੁਲ ’ਤੇ ਹੀ ਪਲਟ ਗਿਆ। ਟਰਾਲੇ ਵਿੱਚ ਭਰੀਆਂ ਪਰਾਲੀ ਦੀਆਂ ਗੱਠਾਂ ਪੁਲ ’ਤੇ ਖਿੱਲਰ ਗਈਆਂ, ਜਿਸ ਕਾਰਨ ਰਸਤਾ ਬੰਦ ਹੋ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਹਾਦਸੇ ਤੋਂ ਬਾਅਦ ਪਲਟੂਨ ਪੁਲ ’ਤੇ ਕਈ ਘੰਟਿਆਂ ਤੱਕ ਆਵਾਜਾਈ ਬੰਦ ਰਹੀ, ਜਿਸ ਕਾਰਨ ਇਸ ਰਸਤੇ ਰਾਹੀਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲ ਬੰਦ ਹੋਣ ਕਾਰਨ ਰੋਜ਼ਾਨਾ ਆਪਣੇ ਕੰਮਾਂ ਅਤੇ ਹੋਰ ਜ਼ਰੂਰੀ ਲੋੜਾਂ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪਈਆਂ। ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਦਾ ਪਲਟੂਨ ਪੁਲ ਰਾਵੀ ਦਰਿਆ ਪਾਰਲੇ ਪਿੰਡਾਂ ਦੇ ਲੋਕਾਂ ਲਈ ਆਵਾਜਾਈ ਦਾ ਅਹਿਮ ਸਾਧਨ ਹੈ। ਅਜਿਹੇ ਵਿੱਚ ਪੁਲ ’ਤੇ ਇਸ ਤਰ੍ਹਾਂ ਦਾ ਹਾਦਸਾ ਵਾਪਰਨ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ। ਲੋਕਾਂ ਨੇ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਸਾਵਧਾਨੀ ਵਰਤਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਧਰ ਇਸ ਸਬੰਧੀ ਜਦ ਦਰਿਆ ਤੇ ਮੌਜੂਦ ਕਿਸ਼ਤੀ ਦੇ ਮਲਾਹ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਭਾਰੀ ਵਾਹਨ ਪੁੱਲ ਉਪਰੋ ਦੀ ਲਿਜਾਣ ਲਈ ਰੋਕਿਆ ਜਾਂਦਾ ਹੈ ਪਰ ਲੋਕ ਨਹੀਂ ਮੰਨਦੇ ਹਨ ਜਿਸ ਕਾਰਨ ਪਹਿਲਾਂ ਵੀ ਪੁੱਲ ਦਾ ਕਈ ਵਾਰ ਨੁਕਸਾਨ ਹੋਇਆ ਹੈ ਅਤੇ ਹੁਣ ਵੀ ਪੁਲ ਦੀਆਂ ਕੁਝ ਹਿੱਸੇ ਦੀਆਂ ਸਤੀਰੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।


author

Babita

Content Editor

Related News