ਦੀਨਾਨਗਰ ਦੇ ਡੀਐੱਸਪੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ ਸਮੀਰ ਸਿੰਘ, ਪਠਾਨਕੋਟ ਦਿਹਾਤੀ ਦੀ ਕਮਾਨ ਰਜਿੰਦਰ ਮਿਨਹਾਸ ਕੋਲ
Sunday, Nov 22, 2026 - 01:37 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)– ਪੰਜਾਬ ਪੁਲਸ ਵਿਭਾਗ ਵਿਚ ਕੀਤੇ ਗਏ ਪ੍ਰਸ਼ਾਸਨਿਕ ਫੇਰਬਦਲ ਤਹਿਤ ਡੀਐੱਸਪੀ ਰਜਿੰਦਰ ਮਿਨਹਾਸ ਦਾ ਦੀਨਾਨਗਰ ਤੋਂ ਤਬਾਦਲਾ ਕਰਕੇ ਉਨ੍ਹਾਂ ਨੂੰ ਪਠਾਨਕੋਟ ਵਿਖੇ ਰੂਰਲ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਬਟਾਲਾ ਵਿਖੇ ਤਾਇਨਾਤ ਡੀਐੱਸਪੀ ਸਮੀਰ ਸਿੰਘ ਨੂੰ ਬਦਲ ਕੇ ਦੀਨਾਨਗਰ ਦਾ ਨਵਾਂ ਡੀਐੱਸਪੀ ਲਗਾਇਆ ਗਿਆ ਹੈ। ਇਸ ਤਬਾਦਲੇ ਸਬੰਧੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਦੀਨਾਨਗਰ ਪੁਲਸ ਸਬ-ਡਵੀਜ਼ਨ ਸਰਹੱਦੀ ਖੇਤਰ ਨਾਲ ਲੱਗਦੀ ਹੋਣ ਕਾਰਨ ਇੱਥੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਪੁਲਸ ਲਈ ਅਹਿਮ ਜ਼ਿੰਮੇਵਾਰੀ ਹੈ। ਇਸ ਇਲਾਕੇ ਵਿਚ ਨਸ਼ਾ ਤਸਕਰੀ, ਚੋਰੀਆਂ, ਲੁੱਟ-ਖੋਹ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਨਾਲ-ਨਾਲ ਸਰਹੱਦੀ ਸੁਰੱਖਿਆ ਦੇ ਮੱਦੇਨਜ਼ਰ ਵੀ ਪੁਲਸ ਨੂੰ ਚੌਕਸ ਰਹਿਣਾ ਪੈਂਦਾ ਹੈ। ਅਜਿਹੇ ਹਾਲਾਤ ਵਿਚ ਡੀ.ਐੱਸ.ਪੀ. ਪੱਧਰ 'ਤੇ ਹੋਣ ਵਾਲੀ ਤਾਇਨਾਤੀ ਨੂੰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ।
ਹੁਣ ਡੀ.ਐੱਸ.ਪੀ. ਸਮੀਰ ਸਿੰਘ ਦੀ ਨਵੀਂ ਤਾਇਨਾਤੀ ਨਾਲ ਦੀਨਾਨਗਰ ਪੁਲਸ ਸਬ-ਡਵੀਜ਼ਨ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿਚ ਹੋਵੇਗੀ। ਇਲਾਕੇ ਦੇ ਲੋਕਾਂ ਨੂੰ ਉਮੀਦ ਹੈ ਕਿ ਨਵੇਂ ਡੀ.ਐੱਸ.ਪੀ. ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
