ਵਰਕ ਵੀਜ਼ਾ ਦੇ ਨਾਂ ’ਤੇ 45 ਲੱਖ ਦੀ ਠੱਗੀ, 4 ਖ਼ਿਲਾਫ਼ ਕੇਸ
Sunday, Nov 22, 2026 - 12:56 PM (IST)
ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਪਨੀ ਵੱਲੋਂ ਮਹਿਲਾ ਸਮੇਤ 2 ਲੋਕਾਂ ਨਾਲ 45 ਲੱਖ ਰੁਪਏ ਤੋਂ ਵੱਧ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-17 ਥਾਣਾ ਪੁਲਸ ਨੇ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਸਿਮਰਨਦੀਪ, ਪੰਕਜ, ਹਿਮਾਨੀ ਅਤੇ ਅਮਰਪ੍ਰੀਤ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੁਰੂਕਸ਼ੇਤਰ ਦੀ ਰਹਿਣ ਵਾਲੀ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਵਰਕ ਵੀਜ਼ਾ ਲਗਵਾਉਣ ਲਈ ਉਸ ਨੇ ਉਕਤ ਕੰਪਨੀ ਦੇ ਸਿਮਰਨਦੀਪ, ਪੰਕਜ, ਹਿਮਾਨੀ ਅਤੇ ਅਮਰਪ੍ਰੀਤ ਨਾਲ ਸੰਪਰਕ ਕੀਤਾ ਸੀ। ਮੁਲਜ਼ਮਾਂ ਨੇ ਵੱਖ-ਵੱਖ ਫ਼ੀਸਾਂ ਦੇ ਨਾਂ ’ਤੇ ਉਸ ਕੋਲੋਂ 20 ਲੱਖ 36 ਹਜ਼ਾਰ 574 ਰੁਪਏ ਲਏ, ਪਰ ਵੀਜ਼ਾ ਨਹੀਂ ਲਗਵਾਇਆ।
ਪੈਸੇ ਵਾਪਸ ਮੰਗਣ ’ਤੇ ਵੀ ਮੁਲਜ਼ਮਾਂ ਨੇ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਅੰਬਾਲਾ ਦੇ ਆਸ਼ੂ ਨੇ ਵੀ ਸ਼ਿਕਾਇਤ ਦਿੱਤੀ ਕਿ ਉਸ ਨੇ ਵਰਕ ਵੀਜ਼ੇ ਲਈ ਉਕਤ ਕੰਪਨੀ ਨਾਲ ਸੰਪਰਕ ਕੀਤਾ ਸੀ। ਕੰਪਨੀ ਦੇ ਮੁਲਾਜ਼ਮਾਂ ਨੇ ਉਸ ਕੋਲੋਂ ਵੱਖ-ਵੱਖ ਫ਼ੀਸਾਂ ਦੇ ਨਾਂ ’ਤੇ 24 ਲੱਖ 85 ਹਜ਼ਾਰ 140 ਰੁਪਏ ਲਏ, ਪਰ ਵੀਜ਼ਾ ਨਹੀਂ ਲਗਵਾਇਆ। ਪੈਸੇ ਵਾਪਸ ਨਾ ਮਿਲਣ ’ਤੇ ਉਸ ਨੇ ਪੁਲਸ ਕੋਲ ਪਹੁੰਚ ਕੀਤੀ। ਦੋਵਾਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
