ਡੇਰਾਬੱਸੀ ''ਚ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਟਿੱਪਰ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਦਰੜਿਆ
Monday, Sep 07, 2026 - 10:15 AM (IST)
ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਥਾਣੇ ਨੇੜੇ ਐਤਵਾਰ ਰਾਤ ਕਰੀਬ ਪੌਣੇ 8 ਵਜੇ ਮਿੱਟੀ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਟਿੱਪਰ ਦਾ ਪਹੀਆ ਉਨ੍ਹਾਂ ਦੀਆਂ ਲੱਤਾਂ ਉੱਪਰੋਂ ਲੰਘ ਗਿਆ। ਚਸ਼ਮਦੀਦਾਂ ਮੁਤਾਬਕ ਮਿੱਟੀ ਨਾਲ ਲੱਦਿਆ ਟਿੱਪਰ ਸਰਕਾਰੀ ਕਾਲਜ ਵੱਲੋਂ ਤੇਜ਼ ਰਫ਼ਤਾਰ ਨਾਲ ਡੇਰਾਬੱਸੀ ਵੱਲ ਆ ਰਿਹਾ ਸੀ। ਥਾਣੇ ਨੇੜੇ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਇਹ ਹਾਦਸਾ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਤੇਜ਼ ਰਫ਼ਤਾਰ ਟਿੱਪਰਾਂ ਤੋਂ ਲੋਕ ਪਰੇਸ਼ਾਨ, ਪ੍ਰਸ਼ਾਸਨ ’ਤੇ ਉੱਠੇ ਸਵਾਲ
ਹਾਦਸੇ ਮਗਰੋਂ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਦੇ ਕੰਮ 'ਚ ਲੱਗੇ ਸੈਂਕੜੇ ਟਿੱਪਰ ਡੇਰਾਬੱਸੀ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਟਿੱਪਰਾਂ ਦੀ ਰਫ਼ਤਾਰ ’ਤੇ ਕਾਬੂ ਪਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਮੰਗ ਕੀਤੀ ਹੈ। ਕੁੱਝ ਲੋਕਾਂ ਮੁਤਾਬਕ ਸੜਕ ’ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਕਾਰਨ ਵੀ ਹਾਦਸਾ ਵਾਪਰਿਆ ਹੋ ਸਕਦਾ ਹੈ। ਦੱਸਿਆ ਗਿਆ ਕਿ ਤਾਰਾਂ ਵਿੱਚ ਉਲਝਣ ਦੌਰਾਨ ਦੋਵੇਂ ਨੌਜਵਾਨ ਟਿੱਪਰ ਦੀ ਲਪੇਟ ਵਿੱਚ ਆ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
