ਕੈਂਟਰ ਦੇ ਪਿੱਛੇ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

Sunday, Jun 09, 2024 - 01:59 PM (IST)

ਕੈਂਟਰ ਦੇ ਪਿੱਛੇ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਇੱਥੇ ਸੰਗਰੂਰ ਰੋਡ 'ਤੇ ਕੈਂਟਰ ਦੇ ਪਿੱਛੇ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਭੱਟੀਵਾਲ ਕਲਾਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਲੰਘੀ 7 ਜੂਨ ਨੂੰ ਕੰਮ ਤੋਂ ਬਾਅਦ ਆਪਣੇ ਭਰਾ ਗੁਰਮਿੰਦਰ ਸਿੰਘ ਨਾਲ ਘਰ ਪਰਤ ਰਿਹਾ ਸੀ ਅਤੇ ਉਸ ਦਾ ਛੋਟਾ ਪੁੱਤਰ ਜਸਪ੍ਰੀਤ ਸਿੰਘ, ਜੋ ਕਿ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਕੰਮ ਕਰਦਾ ਸੀ, ਵੀ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ।

ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਹਸਪਤਾਲ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਸੰਗਰੂਰ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਜਸਪ੍ਰੀਤ ਸਿੰਘ ਦੇ ਮੋਟਰਸਾਈਕਲ ਅੱਗੇ ਆਪਣੇ ਕੈਂਟਰ ਨੂੰ ਰੋਕ ਲਿਆ, ਜਿਸ ਕਾਰਨ ਜਸਪ੍ਰੀਤ ਸਿੰਘ ਕੈਂਟਰ ਦੇ ਪਿੱਛੇ ਜ਼ੋਰਦਾਰ ਤਰੀਕੇ ਨਾਲ ਜਾ ਵੱਜਾ। ਘਟਨਾ ਦੌਰਾਨ ਗੱਲ 'ਤੇ ਡੂੰਘੇ ਕੱਟ ਦਾ ਨਿਸ਼ਾਨ ਪੈਣ ਅਤੇ ਲੱਤਾਂ ਟੁੱਟ ਜਾਣ ਕਾਰਨ ਜਸਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਘਟਨਾ ਤੋਂ ਬਾਅਦ ਇਲਾਜ ਲਈ ਜਸਪ੍ਰੀਤ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ ਵਿਖੇ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News