ਸਪੀਡ ਬ੍ਰੇਕਰਾਂ ਤੋਂ ਬੇਕਾਬੂ ਹੋ ਕੇ ਪਹਿਲਾਂ ਪਲਟੀ ਕਾਰ, ਫ਼ਿਰ ਟਰਾਲਾ ਵੀ ਉੱਤੇ ਹੀ ਜਾ ਡਿੱਗਾ, 6 ਹੋਏ ਗੰਭੀਰ ਜ਼ਖ਼ਮੀ
Monday, Oct 14, 2024 - 05:28 AM (IST)
ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਨੇੜਲੇ ਪਿੰਡ ਰੋਸ਼ਨਵਾਲਾ ਨੇੜਿਓਂ ਲੰਘਦੇ ਦਿੱਲੀ-ਕਟੜਾ ਐਕਸਪ੍ਰੈੱਸਵੇਅ ਦੇ ਬਣੇ ਓਵਰਬ੍ਰਿਜ ਨੇੜੇ ਬਣਾਏ ਗਏ ਸਪੀਡ ਬ੍ਰੇਕਰ ਸਹੀ ਨਾ ਹੋਣ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸੇ ਸਿਲਸਿਲੇ ਤਹਿਤ ਬੀਤੀ ਦੇਰ ਰਾਤ ਇਸ ਸਪੀਡ ਬ੍ਰੇਕਰ ਕਾਰਨ ਬੇਕਾਬੂ ਹੋਈ ਇਕ ਕਾਰ ਤੇ ਇਕ ਟਰੱਕ-ਟਰਾਲੇ ਦੇ ਪਲਟ ਜਾਣ ਕਾਰਨ 6 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਤੇ ਦੋਵੇਂ ਵਾਹਨਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਖੀ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਰੋਸ਼ਨਵਾਲਾ ਵਿਖੇ ਬਣ ਰਹੀ ਭਾਰਤ ਮਾਲਾ ਯੋਜਨਾ ਤਹਿਤ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਬਣੇ ਓਵਰਬ੍ਰਿਜ ਨੇੜੇ ਡਾਇਵਰਜ਼ਨ ਲਈ ਵਾਹਨਾਂ ਦੀ ਸਪੀਡ ਹੋਲੀ ਕਰਨ ਲਈ ਬਣਾਏ ਗਏ ਸਪੀਡ ਬ੍ਰੇਕਰਾਂ ਤੋਂ ਪਹਿਲਾਂ ਤਾਂ ਦੇਰ ਰਾਤ ਕਰੀਬ 11 ਵਜੇ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਕਈ ਪਲਟੇ ਖਾ ਗਈ।
ਇਹ ਵੀ ਪੜ੍ਹੋ- ਸਬਜ਼ੀ ਵੇਚਣ ਵਾਲੇ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫ਼ਿਰ ਤੇਜ਼ਧਾਰਾਂ ਹਥਿਆਰਾਂ ਨਾਲ ਦਿੱਤੀ ਦਰਦਨਾਕ ਮੌਤ
ਇਸ ਕਾਰ ’ਚ ਸਵਾਰ 5 ਵਿਅਕਤੀ ਜੋ ਕਿ ਪਟਿਆਲਾ ਤੋਂ ਮੱਥ ਟੇਕ ਕੇ ਹਿਸਾਰ ਨੂੰ ਪਰਤ ਰਹੇ ਸਨ, ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਨ੍ਹਾਂ ’ਚੋਂ ਇਕ ਨੂੰ ਗੰਭੀਰ ਹਾਲਤ ਹੋਣ ਕਾਰਨ ਪਟਿਆਲਾ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਨੇ ਡਿਊਟੀ 'ਤੇ ਜਾਂਦੇ ਸਮੇਂ ਮੱਥੇ 'ਚ ਮਾਰੀ ਗੋ.ਲ਼ੀ, ਗੱਡੀ 'ਚ ਮਿਲੀ ਲਾ.ਸ਼
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੇਰ ਰਾਤ ਦੇ ਕਰੀਬ 1 ਵਜੇ ਫਿਰ ਕਰਨਾਲ ਤੋਂ ਰੇਤਾ ਭਰ ਕੇ ਮੁਕਤਸਰ ਸਾਹਿਬ ਨੂੰ ਜਾ ਰਿਹਾ ਇਕ ਟਰੱਕ ਟਰਾਲਾ ਇਸੇ ਸਪੀਡ ਬ੍ਰੇਕਰ ਤੋਂ ਬੇਕਾਬੂ ਹੋ ਕੇ ਇਸ ਕਾਰ ਦੇ ਉਪਰ ਹੀ ਪਲਟ ਗਿਆ ਤੇ ਇਸ ਹਾਦਸੇ ’ਚ ਟਰੱਕ ਦਾ ਚਾਲਕ ਬੱਗਾ ਸਿੰਘ ਜ਼ਖਮੀ ਹੋ ਗਿਆ, ਜਦਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ।
ਇਥੇ ਮੌਜੂਦ ਲੋਕਾਂ ਨੇ ਰੋਸ ਜਾਹਿਰ ਕੀਤਾ ਕਿ ਇਥੇ ਬਣੇ ਦਿੱਲੀ ਕਟੜਾ ਐਕਸਪ੍ਰੈਸਵੇਅ ਦੇ ਓਵਰਬ੍ਰਿਜ ਦੀ ਉਸਾਰੀ ਹੋਏ ਕਾਫ਼ੀ ਸਮਾਂ ਹੋ ਜਾਣ ਦੇ ਬਾਵਜੂਦ ਵੀ ਇਥੋਂ ਲੰਘਣ ਵਾਲੇ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇ ਨੂੰ ਸਿੱਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾ ਹੀ ਇਥੇ ਡਾਇਵਰਜ਼ਨ ਸਬੰਧੀ ਰਾਤ ਸਮੇਂ ਚਮਕਣ ਵਾਲੇ ਰਿਫਲੈਕਟਰ ਸਟਿਕਰ ਲਗਾਏ ਗਏ ਹਨ ਤੇ ਨਾ ਹੀ ਇਥੇ ਸਪੀਡ ਹੋਲੀ ਕਰਨ ਲਈ ਬਣਾਏ ਗਏ ਸਪੀਡ ਬ੍ਰੇਕਰਾਂ ਉਪਰ ਕੋਈ ਰਿਫਲੈਕਟਰ ਲਗਾਏ ਗਏ ਹਨ।
ਇਸ ਕਾਰਨ ਇਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਓਵਰਬ੍ਰਿਜ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਤਾਂ ਹੁਣ ਵਿਭਾਗ ਨੂੰ ਨੈਸ਼ਨਲ ਹਾਈਵੇ ਦੀਆਂ ਦੋਵੇ ਸਾਇਡਾਂ ਦੀਆਂ ਲਾਈਨਾਂ ਨੂੰ ਸਿੱਧਾ ਚਾਲੂ ਕਰ ਦੇਣਾ ਚਾਹੀਦਾ ਹੈ ਤੇ ਇਥੇ ਹਾਦਸਿਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e