ਬੇਕਾਬੂ ਹੋਇਆ ਟਰੱਕ ਘਰ ’ਚ ਵਡ਼ਿਆ, ਅੌਰਤ ਜ਼ਖਮੀ
Friday, Aug 31, 2018 - 01:22 AM (IST)

ਰਾਮਪੁਰਾ ਫੂਲ, (ਤਰਸੇਮ)-ਬੀਤੀ ਰਾਤ ਕਰੀਬ 2 ਕੁ ਵਜੇ ਮੌਡ਼ ਰੋਡ ’ਤੇ ਸਥਿਤ ਭੂੰਦਡ਼ ਵਾਲੀ ਸਡ਼ਕ ਨੇਡ਼ੇ ਇਕ ਤੇਜ਼ ਰਫਤਾਰ ਨਾਲ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨੂੰ ਤੋਡ਼ਦਾ ਹੋਇਆ ਨੇਡ਼ੇ ਪੈਂਦੇ ਅਮਰੀਕ ਸਿੰਘ ਦੇ ਘਰ ਅੰਦਰ ਜਾ ਵਡ਼ਿਆ। ਇਸ ਮੌਕੇ ਘਰ ਦੇ ਵਿਹਡ਼ੇ ’ਚ ਸੌਂ ਰਹੀ ਬਜ਼ੁਰਗ ਅੌਰਤ ਗੁਲੋ ਕੌਰ (70) ਇਸਦੀ ਲਪੇਟ ’ਚ ਆ ਜਾਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਹੀ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਘਰ ਦੇ ਮੈਂਬਰ ਭਜਨ ਸਿੰਘ ਨੇ ਦੱਸਿਆ ਕਿ ਜੇਕਰ ਨਿੰਮ ਦੇ ਦਰੱਖਤ ਅੱਗੇ ਨਾ ਹੁੰਦੇ ਤਾਂ ਟਰੱਕ ਨੇ ਸਾਰੇ ਪਰਿਵਾਰ ਨੂੰ ਹੀ ਦਰਡ਼ ਦੇਣਾ ਸੀ ਪਰ ਰੱਬ ਦੀ ਮਿਹਰ ਸਦਕਾ ਹੀ ਪਰਿਵਾਰ ਦਾ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੌਰਾਨ ਟਰੱਕ ਨੇ ਜਿੱਥੇ ਪਾਵਰਕਾਮ ਦੇ ਖੰਭੇ ਨੂੰ ਤੋਡ਼ਿਆ, ਉਥੇ ਹੀ ਟਰਾਂਸਫਾਰਮਰ ਨੂੰ ਬੁਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ। ਪਾਵਰਕਾਮ ਦੇ ਜੇ. ਈ. ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਮਹਿਕਮੇ ਦਾ ਕਰੀਬ 46 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਹਲਕਾ ਮੌਡ਼ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਅੱਜ ਸਵੇਰੇ ਪੀਡ਼ਤ ਪਰਿਵਾਰ ਦੇ ਘਰ ਪੁੱਜੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।