ਸਡ਼ਕ ਹਾਦਸੇ ’ਚ ਪੁਲਸ ਮੁਲਾਜ਼ਮ ਦੀ ਮੌਤ, 2 ਫੱਟਡ਼

Wednesday, Jul 04, 2018 - 05:51 AM (IST)

ਸਡ਼ਕ ਹਾਦਸੇ ’ਚ ਪੁਲਸ ਮੁਲਾਜ਼ਮ ਦੀ ਮੌਤ, 2 ਫੱਟਡ਼

ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਜਗਰਾਓਂ-ਰਾਏਕੋਟ ਰੋਡ ’ਤੇ ਅੱਜ ਸਵੇਰੇ 8 ਵਜੇ ਦੇ ਕਰੀਬ 2 ਮੋਟਰਸਾਈਕਲਾਂ ਵਿਚਕਾਰ ਹੋਏ ਸਡ਼ਕ ਹਾਦਸੇ ’ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਪਿੰਡ ਚੀਮਾ ਦਾ ਰਹਿਣ ਵਾਲਾ ਪੁਲਸ ਮੁਲਾਜ਼ਮ ਹੌਲਦਾਰ ਨਿਰਭੈ ਸਿੰਘ ਜਗਰਾਓਂ ਵਿਖੇ ਜ਼ਿਲਾ ਪੁਲਸ ਮੁਖੀ ਦੇ ਦਫਤਰ ’ਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਪੁਲਸ ਮੁਲਾਜ਼ਮ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਤੋਂ ਜਗਰਾਓਂ ਵਿਖੇ ਡਿਊਟੀ ’ਤੇ ਆ ਰਿਹਾ ਸੀ। ਜਗਰਾਓਂ ਵੱਲੋਂ ਦੂਸਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਇਕਬਾਲ ਸਿੰਘ ਵਾਸੀ ਪ੍ਰੀਤ ਬਿਹਾਰ ਜਗਰਾਓਂ ਆਪਣੀ ਪਤਨੀ ਸਮੇਤ ਰਾਏਕੋਟ ਵੱਲ ਜਾ ਰਿਹਾ ਸੀ। ਇਥੋਂ ਥੋਡ਼੍ਹੀ ਦੂਰ ਜਦੋਂ ਉਹ ਪਿੰਡ ਢੋਲਣ ਦੇ ਮੋਡ਼ ਨੇਡ਼ਲੇ ਪੈਟਰੋਲ ਪੰਪ ’ਤੇ ਪਹੁੰਚੇ ਤਾਂ ਦੂਸਰੇ ਮੋਟਰਸਾਈਕਲ ਸਵਾਰ ਵੱਲੋਂ ਇਕ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਸਾਹਮਣੇ ਤੋਂ ਆ ਰਹੇ ਪੁਲਸ ਮੁਲਾਜ਼ਮ ਲਈ ਜਾਨ-ਲੇਵਾ ਸਾਬਤ ਹੋਈ। ਦੂਸਰੇ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਵੀ ਜ਼ਖਮੀ ਹੋ ਗਏ। ਮੌਕੇ ਤੋਂ ਲੰਘ ਰਹੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਫੱਟਡ਼ਾਂ ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਪਹੁੰਚਾਇਆ। ਥਾਣਾ ਸਿਟੀ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਵੀ ਮੌਕੇ ’ਤੇ ਪਹੁੰਚੇ ਹੋਏ ਸਨ। ਸਿਟੀ ਇੰਚਾਰਜ ਨੇ ਦੱਸਿਆ ਕਿ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਪੁਲਸ ਮੁਲਾਜ਼ਮ ਹੌਲਦਾਰ ਨਿਰਭੈ ਸਿੰਘ ਸਡ਼ਕ ’ਤੇ ਡਿੱਗ ਪਿਆ ਅਤੇ ਉਸਦਾ ਸਿਰ ਸਡ਼ਕ ’ਤੇ ਵੱਜਣ ਕਾਰਨ ਬਹੁਤ ਖੂਨ ਨਿਕਲ ਗਿਆ। ਉਸ ਨੂੰ ਫੌਰੀ  ਤੇ ਦੂਸਰੇ ਦੋਹਾਂ ਜ਼ਖਮੀ ਵਿਅਕਤੀਆਂ ਸਮੇਤ ਸਿਵਲ ਹਸਪਤਾਲ ਲਿਆਂਦਾ ਗਿਆ। ਇਥੇ ਡਾਕਟਰਾਂ ਨੇ ਪੁਲਸ ਮੁਲਜ਼ਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੋਹਾਂ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਥਾਣਾ ਸਿਟੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਸਡ਼ਕ ਹਾਦਸੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਮ੍ਰਿਤਕ ਪੁਲਸ ਮੁਲਾਜ਼ਮ ਦੀ ਹਾਦਸੇ ’ਚ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਬਾਅਦ ’ਚ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਮ੍ਰਿਤਕ ਹੌਲਦਾਰ ਨਿਰਭੈ ਸਿੰਘ ਦਾ ਪਿੰਡ ਚੀਮਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
 


Related News