ਵੱਖ-ਵੱਖ ਹਾਦਸਿਆਂ ''ਚ 2 ਦੀ ਮੌਤ, 7 ਜ਼ਖਮੀ

04/26/2018 3:55:44 AM

ਬਠਿੰਡਾ(ਪਰਮਿੰਦਰ)- ਜ਼ਿਲੇ 'ਚ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ ਇਕ ਕਿਸਾਨ ਤੇ ਇਕ ਕੰਬਾਈਨ ਚਾਲਕ ਦੀ ਮੌਤ ਹੋ ਗਈ ਜਦਕਿ 7 ਹੋਰ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਗਿੱਦੜਬਾਹਾ ਰੋਡ 'ਤੇ ਪਿੰਡ ਨਰੂਆਣਾ ਦੇ ਨੇੜੇ ਇਕ ਕਿਸਾਨ ਹਾਕਮ ਸਿੰਘ (55) ਵਾਸੀ ਬੱਲੂਆਣਾ ਆਪਣੇ ਖੇਤਾਂ 'ਚ ਜਾਣ ਲਈ ਸੜਕ ਪਾਰ ਕਰ ਰਿਹਾ ਸੀ, ਇਸ ਦੌਰਾਨ ਕਿਸੇ ਵਾਹਨ ਨੇ ਉਸਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਬੱਲੂਆਣਾ ਪੁਲਸ ਚੌਕੀ ਤੇ ਸਹਾਰਾ ਜਨਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ। ਪੁਲਸ ਕਾਰਵਾਈ ਦੇ ਬਾਅਦ ਕਿਸਾਨ ਦੀ ਲਾਸ਼ ਨੂੰ ਸੰਸਥਾ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ। ਪਿੰਡ ਬਾਹੋ ਯਾਤਰੀ 'ਚ ਖੇਤਾਂ 'ਚ ਕਣਕ ਦੀ ਕਟਾਈ ਕਰ ਰਹੇ ਇਕ ਕੰਬਾਈਨ ਚਾਲਕ ਦਾ ਅਚਾਨਕ ਪੈਰ ਫਿਸਲਣ ਕਾਰਨ ਉਹ ਕੰਬਾਈਨ ਦੇ ਬਲੇਡਾਂ 'ਚ ਡਿੱਗ ਗਿਆ, ਜਿਸ 'ਚ ਫਸ ਕੇ ਉਹ ਗੰਭੀਰ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਮੁਸ਼ਕਲ ਨਾਲ ਕੰਬਾਈਨ 'ਚੋਂ ਕੱਢਿਆ ਤੇ ਉਸਦੀ ਜਾਣਕਾਰੀ ਸਹਾਰਾ ਜਨਸੇਵਾ ਨੂੰ ਦਿੱਤੀ। ਸਹਾਰਾ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਉਕਤ ਜ਼ਖਮੀ ਚਾਲਕ ਪ੍ਰਿਤਪਾਲ ਸਿੰਘ (27) ਵਾਸੀ ਬਾਹੋ ਯਾਤਰੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਹੋਰ ਹਸਪਤਾਲ ਰੈਫਰ ਕਰ ਦਿੱਤਾ ਪਰ ਉਸਨੇ ਰਾਹ 'ਚ ਹੀ ਦਮ ਤੋੜ ਦਿੱਤਾ।   ਇਸ ਦੌਰਾਨ ਮਹਾਨਗਰ 'ਚ ਵਾਪਰੇ ਵੱਖ-ਵੱਖ ਹਾਦਸਿਆਂ 'ਚ 7 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਅਦਾਲਤ ਭਵਨ ਨੇੜੇ ਇਕ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਵਾਸੀ ਧੋਬੀਆਣਾ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇੱਧਰ, ਰੇਲਵੇ ਰੋਡ 'ਤੇ ਪਾਰਕਿੰਗ ਦੇ ਨੇੜੇ ਇਕ ਸੈਨਾ ਦੇ ਟਰੱਕ ਨੇ ਇਕ ਸਾਈਕਲ ਸਵਾਰ ਮਨੀਸ਼ ਕੁਮਾਰ (24) ਦਾ ਪੈਰ ਕੁਚਲ ਦਿੱਤਾ। ਇਸ ਪ੍ਰਕਾਰ ਨੈਸ਼ਨਲ ਕਾਲੋਨੀ 'ਚ ਮੋਟਰਸਾਈਕਲ ਸਵਾਰ ਬਾਪ-ਬੇਟੀ ਜੋਗਿੰਦਰ ਸਿੰਘ (51) ਤੇ ਕਿਰਨਜੀਤ ਕੌਰ (21) ਇਕ ਟ੍ਰੈਕਟਰ-ਟ੍ਰਾਲੀ ਦੇ ਨਾਲ ਟਕਰਾ ਕੇ ਜ਼ਖਮੀ ਹੋ ਗਏ। ਓਧਰ, ਬੱਸ ਸਟੈਂਡ ਦੇ ਨੇੜੇ ਇਕ ਮੋਟਰਸਾਈਕਲ ਸਵਾਰ ਸਹਾਰਾ ਹਾਈਵੇ ਇੰਚਾਰਜ ਹਰਬੰਸ ਸਿੰਘ ਤੇ ਉਸਦੀ ਬੇਟੀ ਨੂੰ ਇਕ ਤੇਜ਼ ਰਫਤਾਰ ਆਟੋ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ। ਉਕਤ ਸਾਰੇ ਜ਼ਖਮੀਆਂ ਨੂੰ ਸਹਾਰਾ ਵਰਕਰਾਂ ਮਨੀ ਸ਼ਰਮਾ, ਵਿੱਕੀ ਕੁਮਾਰ ਆਦਿ ਨੇ ਸਿਵਲ ਹਸਪਤਾਲ ਪਹੁੰਚਾਇਆ। 
ਇਸ ਦੌਰਾਨ ਸਹਾਰਾ ਵਰਕਰ ਮਨੀ ਸ਼ਰਮਾ ਨੂੰ ਅਮਰੀਕ ਸਿੰਘ ਰੋਡ 'ਤੇ ਇਕ ਆਵਾਰਾ ਕੁੱਤੇ ਨੇ ਕੱਟ ਲਿਆ, ਜਿਸ ਨੂੰ ਸਹਾਰਾ ਦੀ ਹੀ ਟੀਮ ਨੇ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਇਆ।  ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਕਨੱ੍ਹਈਆ ਚੌਕ 'ਚ ਇਕ ਕਾਰ ਅੱਗੇ ਜਾ ਰਹੀ ਕੰਬਾਈਨ ਨਾਲ ਟਕਰਾ ਗਈ, ਜਿਸ ਨਾਲ ਕਾਰ ਹਾਦਸਾਗ੍ਰਸਤ ਹੋ ਗਈ। ਕਾਰ 'ਚ ਇਕ ਨੌਜਵਾਨ ਸੰਨੀ ਗਰਗ ਸਵਾਰ ਸੀ। ਸੂਚਨਾ ਮਿਲਣ ਤੇ ਸਹਾਰਾ ਵਰਕਰਾਂ ਨੇ ਸੰਨੀ ਗਰਗ ਨੂੰ ਸਿਵਲ ਹਸਪਤਾਲ ਪਹੁੰਚਾਇਆ। 


Related News