ਡਿਪਲੋਮਾ ਇੰਜੀਨੀਅਰ ਦੀ ਸੜਕ ਹਾਦਸੇ ''ਚ ਮੌਤ
Thursday, Feb 08, 2018 - 06:34 AM (IST)

ਜਲੰਧਰ(ਮਹੇਸ਼)—20 ਦਿਨ ਬਾਅਦ ਕੈਨੇਡਾ ਜਾਣ ਵਾਲੇ 23 ਸਾਲਾ ਡਿਪਲੋਮਾ ਇੰਜੀਨੀਅਰ ਨੌਜਵਾਨ ਦੀ ਜਲੰਧਰ ਕੈਂਟ ਖੇਤਰ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਇੰਜੀਨੀਅਰ ਮੋਹਸਿਫ ਮਸੀਹ ਥਾਣਾ ਸਦਰ ਦੇ ਪਿੰਡ ਸੰਸਾਰਪੁਰ ਨਿਵਾਸੀ ਰੇਲਵੇ ਕਰਮਚਾਰੀ ਤਰਸੇਮ ਮਸੀਹ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਯਾਮਾ ਮੋਟਰਸਾਈਕਲ 'ਤੇ ਕੈਂਟ ਤੋਂ ਰਾਮਾਮੰਡੀ ਵੱਲ ਨੂੰ ਜਾ ਰਿਹਾ ਸੀ ਕਿ ਥਮਈਆ ਪਾਰਕ ਦੇ ਨਜ਼ਦੀਕ ਪਹੁੰਚਣ 'ਤੇ ਸਾਹਮਣਿਓਂ ਆ ਰਹੀ ਸਿਟੀ ਹਾਂਡਾ ਕਾਰ ਨੇ ਉਸ ਵਿਚ ਟੱਕਰ ਮਾਰ ਦਿੱਤੀ ਤੇ ਮੋਹਸਿਫ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਮਾਮੰਡੀ ਦੇ ਜੌਹਲ ਮਲਟੀ ਸਪੈਸ਼ਲਿਸਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਐੱਸ. ਐੱਚ. ਓ. ਕੈਂਟ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ ਸੀ। ਕਾਰ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ ਤੇ ਦੋਸ਼ੀ ਚਾਲਕ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇੰਸ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਮੋਹਸਿਫ ਦਾ ਕੱਲ ਸਵੇਰੇ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਵਿਦੇਸ਼ ਜਾਣ ਲਈ ਬਹੁਤ ਖੁਸ਼ ਸੀ ਮੋਹਸਿਫ
ਮ੍ਰਿਤਕ ਇੰਜੀਨੀਅਰ ਮੋਹਸਿਫ ਮਸੀਹ ਵਿਦੇਸ਼ ਜਾਣ ਲਈ ਕਾਫੀ ਖੁਸ਼ ਸੀ। ਉਸਨੂੰ ਇਸ ਗੱਲ ਦੀ ਖਾਸੀ ਖੁਸ਼ੀ ਸੀ ਕਿ ਉਹ ਵਿਦੇਸ਼ ਜਾ ਕੇ ਖੂਬ ਤਰੱਕੀ ਕਰੇਗੀ। ਕੁਝ ਸਮਾਂ ਪਹਿਲਾਂ ਹੀ ਉਸਨੇ ਡਿਪਲੋਮਾ ਪੂਰਾ ਕੀਤਾ ਸੀ। ਪਰਿਵਾਰ ਵਾਲੇ ਵੀ ਉਸਦੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਨ। ਰੇਲਵੇ ਕਰਮਚਾਰੀ ਪਿਤਾ ਤਰਸੇਮ ਮਸੀਹ ਨੇ ਕਿਹਾ ਕਿ ਉਨ੍ਹਾਂ ਕਦੀ ਵੀ ਇਹ ਸੋਚਿਆ ਨਹੀਂ ਸੀ ਕਿ ਮੌਤ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ਤੋਂ ਖੋਹ ਕੇ ਲੈ ਜਾਵੇਗੀ।