ਮੋਟਰਸਾਈਕਲਾਂ ਪਿੱਛੇ ਪਾਈਆਂ ਟਰਾਲੀਆਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ
Saturday, Dec 09, 2017 - 01:16 AM (IST)
ਮੰਡੀ ਘੁਬਾਇਆ(ਕੁਲਵੰਤ)—ਅੱਜ-ਕੱਲ ਇਸ ਇਲਾਕੇ ਦੇ ਪਿੰਡਾਂ 'ਚ ਮੋਟਰਸਾਈਕਲਾਂ ਪਿੱਛੇ ਟਰਾਲੀਆਂ ਅਤੇ ਰੇੜੀਆਂ ਲਾਈਆਂ ਜਾਣ ਕਾਰਨ ਇਹ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਕਈ ਲੋਕਾਂ ਵੱਲੋਂ ਕਬਾੜ ਤੇ ਹੋਰ ਸਾਮਾਨ ਦੀ ਢੋਆ-ਢੁਆਈ ਲਈ ਮੋਟਰਸਾਈਕਲਾਂ ਪਿੱਛੇ ਟਰਾਲੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਵਿਚ ਉੱਚਾ ਕਬਾੜ ਅਤੇ ਹੋਰ ਸਾਮਾਨ ਰੱਖਿਆ ਹੁੰਦਾ ਹੈ। ਜਿਸ ਕਾਰਨ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ। ਕਈ ਵਾਰ ਹਨੇਰਾ ਹੋਣ ਉਪਰੰਤ ਜਦੋਂ ਇਹ ਮੋਟਰਸਾਈਕਲ ਆਪਣੇ ਪਿੱਛੇ ਟਰਾਲੀਆਂ ਲਾਈ ਆਉਂਦੇ ਹਨ ਤਾਂ ਅੱਗੋਂ ਆਉਂਦੇ ਵਾਹਨ ਚਾਲਕ ਨੂੰ ਇਸ ਦਾ ਭੁਲੇਖਾ ਪੈਂਦਾ ਹੈ ਕਿ ਅੱਗਿਓਂ ਸਿਰਫ਼ ਮੋਟਰਸਾਈਕਲ ਹੀ ਆ ਰਿਹਾ ਹੈ ਤੇ ਉਹ ਓਨੀ ਹੀ ਸਾਈਡ ਸਾਹਮਣੇ ਵਾਲੇ ਮੋਟਰਸਾਈਕਲ ਨੂੰ ਦੇ ਦਿੰਦਾ ਹੈ, ਜਦੋਂ ਉਹ ਨਜ਼ਦੀਕ ਆਉਂਦਾ ਹੈ ਤਾਂ ਉਹ ਮੋਟਰਸਾਈਕਲ ਪਿੱਛੇ ਲਾਈ ਟਰਾਲੀ 'ਚ ਜਾ ਵੱਜਦਾ ਹੈ। ਅਜਿਹੇ ਕਈ ਹਾਦਸੇ ਇਸ ਇਲਾਕੇ ਦੇ ਪਿੰਡਾਂ 'ਚ ਹੋ ਚੁੱਕੇ ਹਨ, ਜਿਨ੍ਹਾਂ 'ਚ ਕਈ ਘਟਨਾਵਾਂ 'ਚ ਵਾਹਨ ਚਾਲਕ ਗੰਭੀਰ ਜ਼ਖ਼ਮੀ ਵੀ ਹੋ ਗਏ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਨ੍ਹਾਂ ਰੇਹੜੀ ਨੁਮਾਂ ਟਰਾਲੀਆਂ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਰਿਫਲੈਕਟਰ ਲਾਏ ਜਾਣ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ।
