ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਦੋਸਤਾਂ ਨੂੰ ਮਾਰੀ ਟੱਕਰ, 1 ਦੀ ਮੌਤ
Friday, Nov 24, 2017 - 04:47 AM (IST)

ਸਾਹਨੇਵਾਲ(ਜਗਰੂਪ)-ਇਕ ਅਣਪਛਾਤੇ ਵਾਹਨ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਮਾਰੀ ਗਈ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਉਸ ਦਾ ਸਾਥੀ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸ਼ਿਕਾਇਤ ਮਿਲਣ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੀ ਪਛਾਣ ਧੀਰੂ ਪਾਲ ਪੁੱਤਰ ਉਜਾਰੇ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ, ਗਿਆਸਪੁਰਾ, ਲੁਧਿਆਣਾ ਦੇ ਰੂਪ 'ਚ ਹੋਈ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਦੇ ਭਰਾ ਵੀਰੂ ਪਾਲ ਨੇ ਪੁਲਸ ਨੂੰ ਦੱਸਿਆ ਕਿ ਬੀਤੀ 22 ਨਵੰਬਰ ਨੂੰ ਉਸ ਦਾ ਭਰਾ ਧੀਰੂ ਤੇ ਉਸ ਦਾ ਦੋਸਤ ਵਸੀਮ ਅਹਿਮਦ ਪੁੱਤਰ ਮੁਹੰਮਦ ਅਸਮਾਨ ਵਾਸੀ ਹਰਗੋਬਿੰਦ ਨਗਰ ਮੋਟਰਸਾਈਕਲ 'ਤੇ ਦੋਰਾਹਾ ਵੱਲ ਜਾ ਰਹੇ ਸਨ ਕਿ ਜਦੋਂ ਉਹ ਸਾਹਨੇਵਾਲ ਚੌਕ ਦਾ ਪੁਲ ਪਾਰ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਭਰਾ ਧੀਰੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਵਸੀਮ ਅਹਿਮਦ ਨੂੰ ਵੀ ਕਾਫੀ ਸੱਟਾਂ ਲੱਗੀਆਂ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।