ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

Friday, Jun 09, 2017 - 07:01 AM (IST)

ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਰਾਮਾਂ ਮੰਡੀ(ਪਰਮਜੀਤ)-ਸਥਾਨਕ ਸ਼ਹਿਰ ਦੇ ਰਾਮਾਂ ਮੰਡੀ ਦੀ ਭਾਠ ਕਾਲੋਨੀ ਨਜ਼ਦੀਕ ਰੇਲਵੇ ਲਾਈਨ 'ਤੇ ਸਿਰਸਾ ਤੋਂ ਆ ਰਹੀ ਰੇਲਗੱਡੀ ਹੇਠਾਂ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਧਿਆਨ 'ਚ ਆਇਆ ਹੈ। ਨੌਜਵਾਨ ਦੇ ਰੇਲਗੱਡੀ ਹੇਠਾਂ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਰੇਲਵੇ ਸਟੇਸ਼ਨ ਜੀ. ਆਰ. ਪੀ. ਪੁਲਸ ਅਤੇ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੌਬੀ ਲਹਿਰੀ ਸਣੇ ਐਂਬੂਲੈਂਸ ਆਪਣੇ ਸਾਥੀਆਂ ਸਮੇਤ ਉਕਤ ਘਟਨਾ ਸਥਾਨ 'ਤੇ ਪੁੱਜੇ। ਜਿੱਥੇ ਜੀ. ਆਰ. ਪੀ. ਪੁਲਸ ਦੀ ਦੇਖ-ਰੇਖ 'ਚ ਹੈਲਪਲਾਈਨ ਵਰਕਰਾਂ ਦੀ ਮਦਦ ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਪੁਰਬਾ ਵਾਸੀ ਰਾਮਾਂ ਮੰਡੀ ਵਜੋਂ ਹੋਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਰੇਲ ਲਾਈਨ ਪਾਰ ਕਰ ਰਿਹਾ ਸੀ ਤੇ ਅਚਾਨਕ ਰੇਲਗੱਡੀ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ। ਜੀ. ਆਰ. ਪੀ. ਪੁਲਸ ਵੱਲੋਂ ਮ੍ਰਿਤਕ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


Related News