ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ
Saturday, Jan 26, 2019 - 04:31 PM (IST)
ਹੁਸ਼ਿਆਰਪੁਰ/ਟਾਂਡਾ-ਉੜਮੁੜ (ਪੰਡਿਤ)— ਜਲੰਧਰ-ਪਠਾਨਕੋਟ ਹਾਈਵੇਅ 'ਤੇ 26 ਜਨਵਰੀ ਨੂੰ ਸਵੇਰੇ 5.20 ਵਜੇ ਪਿੰਡ ਕੁਰਾਲਾ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ 'ਚ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂ ਉਦੋਂ ਵਾਲ-ਵਾਲ ਬਚੇ, ਜਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੀ ਰੇਲਿੰਗ 'ਚ ਜਾ ਵੱਜੀ। ਹਾਦਸਾ ਇੰਨਾ ਖਤਰਨਾਕ ਅਤੇ ਦਿਲ-ਕੰਬਾਊ ਸੀ ਕਿ ਲੋਹੇ ਦੀ ਰੇਲਿੰਗ ਕਾਰ ਨੂੰ ਚੀਰਦੇ ਹੋਏ ਕਾਰ ਦੀ ਪਿਛਲੀ ਸੀਟ 'ਚ ਜਾ ਵੱਜੀ। ਹਾਦਸੇ 'ਚ ਕਾਰ ਸਵਾਰ ਕਰਾਵਨ ਨਗਰ ਦਿੱਲੀ ਦੇ ਪਰਿਵਾਰ ਪ੍ਰਕਾਸ਼ ਪੁੱਤਰ ਧਰਮਪਾਲ, ਉਸ ਦੀ ਪਤਨੀ ਰੂਬੀ, ਦੋ ਛੋਟੇ ਬੱਚਿਆਂ ਅਤੇ ਮਨੋਜ ਪੁੱਤਰ ਕਿਸ਼ੋਰ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਨੀਰਜ ਕੁਮਾਰ ਪੁੱਤਰ ਕ੍ਰਿਸ਼ਨ ਪਾਲ ਨਿਵਾਸੀ ਯਮੁਨਾ ਵਿਹਾਰ ਭਜਨਪੁਰਾ ਸ਼ਾਹਦਰਾ ਉੱਤਰ ਪੂਰਬੀ ਦਿੱਲੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜ਼ਖਮੀਆਂ ਨੂੰ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਕੌਰ ਦੇ ਪਤੀ ਹਰਭਜਨ ਸਿੰਘ ਨੇ ਤੁਰੰਤ ਆਪਣੀ ਕਾਰ ਰਾਹੀਂ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ। ਬਾਕੀ ਮਾਮੂਲੀ ਜ਼ਖਮੀਆਂ ਨੂੰ ਸਵੇਰੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਡਰਾਈਵਰ ਮੁਤਾਬਕ ਨੀਂਦ ਦਾ ਝੋਕਾ ਆਉਣ ਕਾਰਨ ਕਾਰ ਬੇਕਾਬੂ ਹੋਈ ਸੀ।