ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਹਾਦਸਾ, 8 ਜ਼ਖਮੀ
Wednesday, Dec 19, 2018 - 10:45 AM (IST)

ਕਿਸ਼ਨਗੜ੍ਹ (ਬੈਂਸ)— ਮੰਗਲਵਾਰ ਨੂੰ ਜਲੰਧਰ-ਪਠਾਨਕੋਟ ਸੜਕ ਸਥਿਤ 'ਤੇ ਨਿਜਾਮੂਦੀਨਪੁਰ ਕੋਲ ਇਕ ਪੈਲੇਸ ਨੇੜੇ ਵਾਪਰੇ ਸੜਕ ਹਾਦਸੇ 'ਚ 8 ਸਵਾਰੀਆਂ ਜ਼ਖਮੀ ਹੋ ਗਈਆਂ, ਜਦਕਿ ਇਨ੍ਹਾਂ ਵਿਚੋਂ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਜੰਮੂ ਦੇ ਇਕ ਹੀ ਪਰਿਵਾਰ ਦੇ ਚਾਰ ਲੋਕ ਇਨੋਵਾ ਗੱਡੀ 'ਚ ਜਲੰਧਰ ਆਪਣੇ ਕਿਸੇ ਕੰਮ ਲਈ ਆ ਰਹੇ ਸਨ। ਜਦ ਇਨੋਵਾ ਗੱਡੀ ਨਿਜਾਮੂਦੀਨਪੁਰ ਗੇਟ ਨੇੜੇ ਸਥਿਤ ਮੈਰਿਜ ਪੈਲੇਸ ਕੋਲ ਪਹੁੰਚੀ ਤਾਂ ਇਨੋਵਾ ਗੱਡੀ ਦੇ ਚਾਲਕ ਨੂੰ ਨੀਂਦ ਆ ਗਈ ਤੇ ਉਹ ਗੱਡੀ ਤੋਂ ਆਪਣਾ ਸੰਤੁਲਨ ਗੁਆ ਬੈਠਾ। ਇਨੋਵਾ ਗੱਡੀ ਅੱਗੇ ਜਾ ਰਹੇ ਆਟੋ ਦੇ ਪਿੱਛੇ ਜਾ ਟਕਰਾਈ ਤੇ ਆਟੋ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਦੇ ਬੰਪਰ 'ਚ ਲੱਗਣ ਤੋਂ ਬਾਅਦ ਅੱਗੇ ਖੜ੍ਹੇ ਇਕ ਹੋਰ ਟਰਾਲੇ ਦੇ ਪਿੱਛੇ ਟਕਰਾ ਗਈ, ਜਿਸ ਕਾਰਨ ਉਕਤ ਹਾਦਸੇ ਇਨੋਵਾ ਚਾਲਕ ਲਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਕਮਲੇਸ਼ ਰਾਣੀ ਪਤਨੀ ਲਖਵਿੰਦਰ ਸਿੰਘ, ਸੁਰਜੀਤ ਸਿੰਘ, ਉਨ੍ਹਾਂ ਦਾ ਰਿਸ਼ਤੇਦਾਰ ਰਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਜ਼ਖਮੀ ਹੋ ਗਏ।
ਹਾਦਸੇ 'ਚ ਆਟੋ ਚਾਲਕ ਰਣਜੀਤ ਸਿੰਘ ਨਿਵਾਸੀ ਚਾਹੜਕੇ ਭੋਗਪੁਰ ਤੇ ਆਟੋ 'ਚ ਸਵਾਰ ਸਵਾਰੀਆਂ ਤਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਮੋਗਾ (ਭੋਗਪੁਰ), ਰਾਮ ਪ੍ਰਕਾਸ਼ ਪੁੱਤਰ ਸ਼ਰਧਾ ਰਾਮ ਵਾਸੀ ਸੱਧਾ ਚੱਕ, ਜਸਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੱਲਾ ਨੇੜੇ ਭੋਗਪੁਰ ਜ਼ਖਮੀ ਹੋ ਗਏ। ਇਨ੍ਹਾਂ ਸਾਰੇ ਜ਼ਖਮੀਆਂ ਨੂੰ ਟਰੱਕ ਡਰਾਈਵਰਾਂ ਤੇ ਰਾਹਗੀਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ, ਜਲੰਧਰ ਦੇ ਨਿੱਜੀ ਹਸਪਤਾਲ ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਇਨੋਵਾ ਸਵਾਰ ਕਮਲੇਸ਼ ਰਾਣੀ, ਰਵਿੰਦਰ ਸਿੰਘ ਵਾਸੀ ਜੰਮੂ ਤੇ ਆਟੋ ਚਾਲਕ ਜਸਪਾਲ ਸਿੰਘ ਵਾਸੀ ਡੱਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕੀ ਅਲਾਵਲਪੁਰ ਦੇ ਮੁਲਾਜ਼ਮÎਾਂ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।