ਸੜਕ ਵਿਚਾਲੇ ਪੁਲੀ ਲਈ ਪੁੱਟੇ ਟੋਏ ਕਾਰਨ ਵਾਪਰੇ ਹਾਦਸੇ ’ਚ ਕਿਸਾਨ ਮੌਤ, ਪਿੰਡ ਵਾਲਿਆਂ ਨੇ ਲਗਾਇਆ ਧਰਨਾ
Wednesday, Oct 26, 2022 - 02:12 PM (IST)

ਪਟਿਆਲਾ (ਬਲਜਿੰਦਰ) : ਬੀਤੀ ਰਾਤ ਪਟਿਆਲਾ-ਰਾਜਪੁਰਾ ਰੋਡ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਦੌਣ ਕਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਅੱਧ ਵਿਚਕਾਰ ਲਟਕੇ ਪੁਲ਼ੀ ਵਿਚ ਵੱਜਣ ਕਰਕੇ ਕਿਸਾਨ ਰਛਪਾਲ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਪਿੰਡ ਦੌਣ ਕਲਾਂ ਦਾ ਰਹਿਣ ਵਾਲਾ ਸੀ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਹਾਦਰਗੜ੍ਹ ਤੋਂ ਆਪਣੇ ਪਿੰਡ ਵਾਪਸ ਪਰਤ ਰਹੇ ਸਨ। ਇਸ ਦੌਰਾਨ ਪਿੰਡ ਦੌਣ ਕਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਅੱਧ ਵਿਚਕਾਰ ਲਟਕੇ ਪੁਲ਼ ਵਿਚ ਪੁੱਟੇ ਗਏ ਟੋਏ ਵਿਚ ਮੋਟਰਸਾਈਕਲ ਸਮੇਤ ਡਿੱਗਣ ਕਾਰਨ ਕਿਸਾਨ ਰਛਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਤੋਂ ਖਫ਼ਾ ਹੋਏ ਕਿਸਾਨਾਂ ਅਤੇ ਪਿੰਡ ਵਾਲਿਆਂ ਨੇ ਪਟਿਆਲਾ-ਰਾਜਪੁਰਾ ਰੋਡ ਨੂੰ ਜਾਮ ਕਰਕੇ ਧਰਨਾ ਲਗਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਇਹ ਪੁਲੀ ਲਗਭਗ ਇਕ ਸਾਲ ਤੋਂ ਜਿਉਂ ਦੀ ਤਿਉਂ ਹਾਲਤ ਵਿਚ ਹੈ। ਪਿੰਡ ਦੀ ਪੰਚਾਇਤ ਕਈ ਵਾਰ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਅਪੀਲ ਕਰ ਚੁੱਕੀ ਹੈ ਪਰ ਉਨ੍ਹਾਂ ਦੇ ਕਿਸੇ ਨੇ ਸਾਰ ਨਹੀਂ ਲਈ, ਜਿਸ ਕਾਰਣ ਅੱਜ ਇਹ ਅਣਹੋਣੀ ਵਾਪਰ ਗਈ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁਲੀ ਬਣਾਉਣ ਵਾਲੇ ਠੇਕੇਦਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ। ਦੱਸਣਯੋਗ ਹੈ ਕਿ ਇਸ ਜਾਮ ਕਾਰਨ ਪਟਿਆਲਾ ਤੋਂ ਰਾਜਪੁਰਾ ਨੂੰ ਜਾਣ ਵਾਲੀ ਸੜਕ ’ਤੇ ਵੱਡਾ ਜਾਮ ਲੱਗ ਗਿਆ।