ਰੇਤ ਦੇ ਹਨ੍ਹੇਰੇ ''ਚ ਵਾਪਰਿਆ ਹਾਦਸਾ, ਡਰੇਨ ’ਚ ਜਾ ਡਿੱਗੀ ਕਾਰ, ਬੀਬੀ ਦੀ ਮੌਤ
Saturday, Feb 20, 2021 - 02:22 PM (IST)
ਧਨੌਲਾ (ਰਾਈਆਂ, ਰਵਿੰਦਰ)- ਦੇਰ ਸ਼ਾਮ ਧਨੌਲਾ ਦੇ ਪਿੰਡ ਦਾਨਗੜ੍ਹ ਵਿਖੇ ਕਾਰ ਦੇ ਡਰੇਨ ’ਚ ਡਿੱਗ ਜਾਣ ਕਾਰਣ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਉਪਲੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੇਰ ਸ਼ਾਮ ਕਰੀਬ ਸਾਢੇ 7 ਵਜੇ ਧਨੌਲਾ ਤੋਂ ਦਵਾਈ ਲੈ ਕੇ ਆਪਣੇ ਪਿੰਡ ਉਪਲੀ ਨੂੰ ਪਰਤ ਰਹੇ ਸਨ ਜਦੋਂ ਉਹ ਪਿੰਡ ਦਾਨਗੜ੍ਹ ’ਚੋਂ ਲੰਘਦੀ ਲਸਾੜਾ ਡਰੇਨ ’ਤੇ ਪੁੰਹਚੇ ਤਾਂ ਹਨੇਰਾ ਹੋਣ ਕਾਰਣ ਅਤੇ ਡਰੇਨ ਦੇ ਦੋਵੇਂ ਪਾਸੇ ਰੈਲਿੰਗ ਨਾ ਹੋਣ ਕਾਰਣ ਕਾਰ ਡਰੇਨ ’ਚ ਡਿੱਗ ਗਈ।
ਇਸ ਦੌਰਾਨ ਨੇੜੇ ਫਿਰਨੀ ’ਤੇ ਖੜ੍ਹੇ ਲੋਕਾਂ ਨੇ ਰੌਲਾ ਪਾ ਕੇ ਹੋਰਨਾਂ ਲੋਕਾਂ ਨੂੰ ਇਕੱਠਾ ਕਰ ਕੇ ਕਾਰ ਸਵਾਰਾਂ ਦੀ ਮਦਦ ਲਈ ਅੱਗੇ ਆਏ ਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਪਰ ਕਾਰ ’ਚ ਸਵਾਰ ਗੁਰਦੇਵ ਕੌਰ (70) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰਨਾਂ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ।
ਨਗਰ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜਤਾਇਆ ਰੋਸ
ਨਗਰ ਪੰਚਾਇਤ ਦੇ ਸਰਪੰਚ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਡਰੇਨ ਦੀ ਟੁੱਟ ਚੁੱਕੀ ਰੈਲਿੰਗ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਕੋਲ ਫਰਿਆਦ ਕੀਤੀ ਗਈ ਹੈ, ਇੱਥੋਂ ਤੱਕ ਕਿ ਖੁਦ ਬਰਨਾਲਾ ਦੇ ਐੱਸ. ਡੀ. ਐੱਮ. ਇਸਦਾ ਮੌਕਾ ਦੇਖ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ । ਇਸ ਮਾਮਲੇ ਨੂੰ ਲੈ ਕੇ ਥਾਣਾ ਧਨੌਲਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।