ਸੜਕ ਹਾਦਸੇ ''ਚ ਵਿਅਕਤੀ ਦੀ ਮੌਤ

02/19/2019 4:49:17 PM

ਰਾਹੋਂ (ਪ੍ਰਭਾਕਰ) : ਮੁਹੱਲਾ ਸਰਾਫਾ ਦੇ ਰਹਿਣ ਵਾਲੇ 62 ਸਾਲ ਦੇ ਵਿਅਕਤੀ ਦੀ ਜੀਪ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਚੱਲਦੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਕੀਤਾ ਗਿਆ ਹੈ। ਥਾਣਾ ਰਾਹੋਂ ਦੇ ਇੰਸਪੈਕਟਰ ਸੁਭਾਸ਼ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲਾ ਸ਼ਰਾਫਾ ਰਾਹੋਂ ਦੇ ਰਹਿਣ ਵਾਲੇ ਛਿੰਦਰ ਕੁਮਾਰ ਪੁੱਤਰ ਰਾਮ ਜੀ ਦਾਸ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਦੁਪਹਿਰ 2 ਵਜੇ ਦੇ ਕਰੀਬ ਉਹ ਤੇ ਉਸ ਦੇ ਪਿਤਾ ਰਾਮ ਜੀ ਦਾਸ ਆਪਣੇ ਮੁਹੱਲੇ ਵਿਚ ਸੜਕ ਦੇ ਕਿਨਾਰੇ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਲਈ ਪੈਦਲ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਇਕ ਜੀਪ ਚਾਲਕ ਨੇ ਉਨ੍ਹਾਂ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੇਰੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀਪ ਨੂੰ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਚੰਨਪ੍ਰੀਤ ਸਿੰਘ ਪੁੱਤਰ ਬਿੱਲੂ ਵਾਸੀ ਮੁਹੱਲਾ ਕਾਜੀਆਂ ਰਾਹੋਂ ਅਤੇ ਰਾਜਦੀਪ ਸਿੰਘ ਪੁੱਤਰ ਸੰਤੋਖ ਵੀਰ ਸਿੰਘ ਆਦਿ ਬੈਠੇ ਸਨ।
ਇੰਸਪੈਕਟਰ ਸੁਭਾਸ਼ ਬਾਠ ਨੇ ਦੱਸਿਆ ਕਿ ਮ੍ਰਿਤਕ ਰਾਮ ਜੀ ਦਾਸ ਦੇ ਸਪੁੱਤਰ ਛਿੰਦਰ ਕੁਮਾਰ ਦੇ ਬਿਆਨਾਂ 'ਤੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜੀਪ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Gurminder Singh

Content Editor

Related News