ਸ਼ਹਿਰ ਦੀ ਸੁੰਦਰਤਾ ਲਈ ਗ੍ਰਹਿਣ ਬਣੀਆਂ ਟੁੱਟੀਆਂ ਸੜਕਾਂ
Monday, Mar 12, 2018 - 02:17 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਚਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਹਨ। ਜੋ ਬਾਹਰੋਂ ਬੱਸਾਂ ਆਉਂਦੀਆਂ ਹਨ, ਉਹ ਤਰਕਸ਼ੀਲ ਚੌਕ ਤੋਂ ਹੁੰਦੀਆਂ ਹੋਈਆਂ ਬੱਸ ਸਟੈਂਡ ਤੱਕ ਪਹੁੰਚਦੀਆਂ ਹਨ। ਤਰਕਸ਼ੀਲ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਦੀ ਦੂਰੀ ਲਗਭਗ ਇਕ ਕਿਲੋਮੀਟਰ ਦੀ ਹੈ ਪਰ ਬੱਸਾਂ ਨੂੰ ਪਹੁੰਚਣ ਲਈ ਇਥੋਂ 10 ਮਿੰਟ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ। ਸਵਾਰੀਆਂ ਡਿੱਕੇ-ਡੋਲੇ ਖਾਂਦੀਆਂ ਬੱਸ ਸਟੈਂਡ ਤੱਕ ਪਹੁੰਚਦੀਆਂ ਹਨ। ਇਥੇ ਹੀ ਬਸ ਨਹੀਂ ਮੁੱਖ ਬਾਜ਼ਾਰਾਂ ਦੀਆਂ ਸੜਕਾਂ ਵੀ ਟੁੱਟੀਆਂ ਪਈਆਂ ਹਨ। ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ, ਧਨੌਲਾ ਰੋਡ, ਬੱਸ ਸਟੈਂਡ ਦੇ ਆਸੇ-ਪਾਸੇ ਦੀਆਂ ਗਲੀਆਂ, ਧਨੌਲਾ ਰੋਡ ਦੀਆਂ ਗਲੀਆਂ, ਹੰਡਿਆਇਆ ਰੋਡ ਦੀਆਂ ਗਲੀਆਂ ਸਣੇ ਸ਼ਹਿਰ ਦੇ ਚਾਰੇ ਪਾਸੇ ਦੀਆਂ ਗਲੀਆਂ ਟੁੱਟੀਆਂ ਹੋਈਆਂ ਹਨ। ਇਨ੍ਹਾਂ ਸੜਕਾਂ 'ਤੇ ਜਾਂਦੇ ਸਮੇਂ ਵਾਹਨ ਸਵਾਰਾਂ ਦਾ ਢਿੱਡ 'ਕੱਠਾ ਹੋ ਜਾਂਦਾ ਹੈ ਅਤੇ ਪੰਜ ਮਿੰਟਾਂ ਦਾ ਸਫ਼ਰ ਅੱਧੇ ਘੰਟੇ 'ਚ ਤੈਅ ਹੁੰਦਾ ਹੈ।
ਜਲਦ ਸ਼ੁਰੂ ਕੀਤਾ ਜਾਵੇਗਾ ਨਵੀਆਂ ਸੜਕਾਂ ਬਣਾਉਣ ਦਾ ਕੰਮ : ਨਗਰ ਕੌਂਸਲ ਪ੍ਰਧਾਨ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹਿਰ 'ਚ ਕਾਫੀ ਥਾਵਾਂ 'ਤੇ ਸੀਵਰੇਜ ਪੈ ਰਿਹਾ ਹੈ। ਇਸੇ ਤਰ੍ਹਾਂ ਤਰਕਸ਼ੀਲ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਸੀਵਰੇਜ ਦੀਆਂ ਪਾਈਪਾਂ ਪੈਣਗੀਆਂ, ਜਿਸ ਕਾਰਨ ਨਵੀਆਂ ਸੜਕਾਂ ਬਣਾਉਣ ਦਾ ਕੰਮ ਰੁਕਿਆ ਪਿਆ ਹੈ। ਜਲਦੀ ਹੀ ਸ਼ਹਿਰ ਦੀਆਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਹਮੇਸ਼ਾ ਲੱਗਾ ਰਹਿੰਦੈ ਜਾਮ
ਯੂਥ ਕਾਂਗਰਸੀ ਆਗੂ ਵਰੁਣ ਬੱਤਾ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਵ੍ਹੀਕਲ ਚਾਲਕਾਂ ਨੂੰ ਇਹ ਡਰ ਬÎਣਿਆ ਰਹਿੰਦਾ ਹੈ ਕਿ ਟੋਏ 'ਚ ਡਿੱਗ ਕੇ ਵਾਹਨ ਦਾ ਕੋਈ ਨੁਕਸਾਨ ਹੀ ਨਾ ਹੋ ਜਾਵੇ। ਇਸ ਕਾਰਨ ਉਹ ਬੜੀ ਹੀ ਧੀਮੀ ਗਤੀ ਨਾਲ ਆਪਣੇ ਵਾਹਨ ਰੋਕ-ਰੋਕ ਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ, ਜਿਸ ਕਾਰਨ ਸ਼ਹਿਰ 'ਚ ਟ੍ਰੈਫਿਕ ਜਾਮ ਰਹਿੰਦਾ ਹੈ।
ਟੋਇਆਂ ਕਾਰਨ 3 ਮਹੀਨੇ ਰਿਹਾ ਮੰਜੇ 'ਤੇ
ਯਸ਼ ਆਟੋ ਦੇ ਮਾਲਕ ਨੀਟੂ ਢੀਂਗਰਾ ਨੇ ਕਿਹਾ ਕਿ ਧਨੌਲਾ ਰੋਡ 2 ਸਾਲਾਂ ਤੋਂ ਵੱਧ ਸਮੇਂ ਤੋਂ ਟੁੱਟੀ ਪਈ ਹੈ। ਸੜਕ 'ਤੇ ਪੋਏ ਟੋਇਆਂ 'ਚੋਂ ਰੋੜੇ ਬੁੜਕ ਕੇ ਦੁਕਾਨਾਂ ਦੇ ਅੰਦਰ ਆ ਜਾਂਦੇ ਹਨ। ਕਈ ਦੁਕਾਨਾਂ ਦੇ ਤਾਂ ਇਸ ਕਾਰਨ ਸ਼ੀਸ਼ੇ ਵੀ ਟੁੱਟ ਗਏ ਹਨ। ਇੰਨਾ ਹੀ ਨਹੀਂ ਰੋੜਿਆਂ ਤੋਂ ਉਸ ਦਾ ਵਾਹਨ ਤਿਲਕਣ ਕਾਰਨ ਉਸ ਦੀ ਬਾਂਹ ਟੁੱਟ ਗਈ। ਉਹ 3 ਮਹੀਨੇ ਮੰਜੇ 'ਤੇ ਰਿਹਾ। ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਉਣੀਆਂ ਚਾਹੀਦੀਆਂ ਹਨ।
ਉੱਡਦੀ ਧੂੜ ਬਣੀ ਮੁਸੀਬਤ
ਸੀਨੀਅਰ ਕਾਂਗਰਸੀ ਆਗੂ ਰਾਜੂ ਚੌਧਰੀ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ। ਜਦੋਂ ਵਾਹਨਾਂ 'ਤੇ ਇਨ੍ਹਾਂ ਸੜਕਾਂ 'ਤੇ ਜਾਂਦੇ ਹਾਂ ਤਾਂ ਸੜਕਾਂ 'ਤੇ ਪਈ ਮਿੱਟੀ ਉਡ ਕੇ ਸਵਾਰਾਂ 'ਤੇ ਪੈਂਦੀ ਹੈ। ਚਿਹਰਾ ਮਿੱਟੀ ਨਾਲ ਭਰ ਜਾਂਦਾ ਹੈ। ਘਰੋਂ ਤਾਂ ਨਹਾ ਕੇ ਬਣ-ਠਣ ਕੇ ਨਿਕਲਦੇ ਹਾਂ ਪਰ ਕੁਝ ਹੀ ਸਮੇਂ 'ਚ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਕਿ ਅੱਜ ਤਾਂ ਨਹਾਏ ਹੀ ਨਹੀਂ।
ਬੱਚੇ ਅਤੇ ਬਜ਼ੁਰਗ ਜ਼ਿਆਦਾ ਪ੍ਰੇਸ਼ਾਨ
ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਇੰਨੀਆਂ ਟੁੱਟ ਚੁੱਕੀਆਂ ਹਨ ਕਿ ਇਥੋਂ ਦੀ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਨੂੰ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ 'ਤੇ ਟੁੱਟੀਆਂ ਸੜਕਾਂ ਨੂੰ ਬਣਾਵੇ ਤਾਂ ਜੋ ਆਮ ਜਨਤਾ ਦੀਆਂ ਮੁਸ਼ਕਲਾਂ ਹੱਲ ਹੋ ਸਕਣ।
ਸਹੀ ਢੰਗ ਨਾਲ ਨਹੀਂ ਖਰਚੇ ਗਏ ਪੈਸੇ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪੈਸਿਆਂ ਨੂੰ ਸਹੀ ਢੰਗ ਨਾਲ ਨਹੀਂ ਖਰਚਿਆ ਜਾ ਰਿਹਾ, ਜਿਸ ਜਗ੍ਹਾ 'ਤੇ ਪੈਸੇ ਖਰਚਣ ਦੀ ਲੋੜ ਹੁੰਦੀ ਹੈ, ਉਥੇ ਤਾਂ ਪੈਸੇ ਖਰਚੇ ਨਹੀਂ ਜਾਂਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਦੇ ਮੇਨ ਬਾਜ਼ਾਰ ਹੀ ਟੁੱਟੇ ਪਏ ਹਨ। ਬਾਜ਼ਾਰ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗਦਾ ਹੈ।
ਰੋਜ਼ਾਨਾ ਵਾਪਰ ਰਹੇ ਨੇ ਹਾਦਸੇ
ਸੀਨੀਅਰ ਭਾਜਪਾ ਆਗੂ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਬਜ਼ੁਰਗ ਅਤੇ ਬੱਚੇ ਆਪਣੇ ਵਾਹਨਾਂ ਤੋਂ ਡਿੱਗ ਕੇ ਸੱਟਾਂ ਖਾ ਰਹੇ ਹਨ। ਨਗਰ ਕੌਂਸਲ ਨੂੰ ਇਸ ਸਬੰਧੀ ਕੋਈ ਪ੍ਰਵਾਹ ਨਹੀਂ। ਕਈ ਸੜਕਾਂ ਬਣੀਆਂ ਨੂੰ ਤਾਂ ਕਈ-ਕਈ ਸਾਲ ਬੀਤ ਚੁੱਕੇ ਹਨ ਪਰ ਉਥੇ ਨਵੀਆਂ ਸੜਕਾਂ ਨਹੀਂ ਬਣਾਈਆਂ ਗਈਆਂ ਪਰ ਕਈ ਇਲਾਕਿਆਂ 'ਚ ਸੜਕਾਂ ਬਣਾ ਦਿੱਤੀਆਂ ਗਈਆਂ ਹਨ, ਜਿਥੇ ਜ਼ਰੂਰਤ ਨਹੀਂ ਸੀ। ਜੋ ਕਿ ਹੈਰਾਨੀ ਦੀ ਗੱਲ ਹੈ।
ਸ਼ਹਿਰ ਦੀਆਂ ਪੁੱਟੀਆਂ ਗਈਆਂ ਗਲੀਆਂ ਬਾਰੇ ਨਗਰ ਕੌਂਸਲ ਨੂੰ ਨਹੀਂ ਪਤਾ
ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਸ਼ਹਿਰ 'ਚ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਜਗ੍ਹਾ 'ਤੇ ਸੀਵਰੇਜ ਪੈਣਾ ਸੀ, ਉਨ੍ਹਾਂ ਗਲੀਆਂ ਨੂੰ ਸੀਵਰੇਜ ਠੇਕੇਦਾਰ ਨੇ ਹੀ ਬਣਾਉਣਾ ਸੀ ਪਰ ਕਈ ਗਲੀਆਂ 'ਚ ਸੀਵਰੇਜ ਪਏ ਨੂੰ ਇਕ ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਉਥੇ ਵੀ ਸੜਕਾਂ ਨਹੀਂ ਬਣਾਈਆਂ ਗਈਆਂ। ਮੇਰੇ ਵੱਲੋਂ ਨਗਰ ਕੌਂਸਲ ਤੋਂ ਜਾਣਕਾਰੀ ਮੰਗੀ ਗਈ ਸੀ ਕਿ ਕਿਹੜੀਆਂ ਗਲੀਆਂ 'ਚ ਸੀਵਰੇਜ ਪੈ ਗਿਆ ਹੈ, ਕਿਹੜੀਆਂ ਗਲੀਆਂ 'ਚ ਨਵੀਆਂ ਸੜਕਾਂ ਬਣ ਗਈਆਂ ਹਨ। ਨਗਰ ਕੌਂਸਲ ਵੱਲੋਂ ਮੈਨੂੰ ਇਸ ਸਬੰਧੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਗਰ ਕੌਂਸਲ ਦਾ ਕਹਿਣਾ ਸੀ ਕਿ ਇਹ ਸੀਵਰੇਜ ਬੋਰਡ ਨੂੰ ਪਤਾ ਹੈ। ਜੇਕਰ ਨਗਰ ਕੌਂਸਲ ਨੂੰ ਹੀ ਨਹੀਂ ਪਤਾ ਕਿ ਕਿਹੜੀਆਂ ਗਲੀਆਂ ਸ਼ਹਿਰ ਦੀਆਂ ਪੁੱਟੀਆਂ ਗਈਆਂ ਹਨ ਤਾਂ ਸ਼ਹਿਰ ਦਾ ਵਿਕਾਸ ਕਿਸ ਤਰ੍ਹਾਂ ਹੋਵੇਗਾ।
ਏ ਕਲਾਸ ਕਮੇਟੀ ਦੀਆਂ ਸੜਕਾਂ ਦਾ ਮਾੜਾ ਹਾਲ
ਵਪਾਰੀ ਆਗੂ ਸੰਜੇ ਉਪਲੀ ਨੇ ਕਿਹਾ ਕਿ ਬਰਨਾਲਾ ਨਗਰ ਕੌਂਸਲ ਏ ਕਲਾਸ ਦੀ ਕਮੇਟੀ ਹੈ। ਏ ਕਲਾਸ ਕਮੇਟੀ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਣਾ ਬੜੇ ਹੀ ਸ਼ਰਮ ਦੀ ਗੱਲ ਹੈ। ਸ਼ਹਿਰ ਦੀਆਂ ਕਰੀਬ 80 ਫੀਸਦੀ ਸੜਕਾਂ ਦਾ ਬੁਰਾ ਹਾਲ ਹੈ। ਏ ਕਲਾਸ ਦੀ ਕਮੇਟੀ ਹੋਣ ਕਾਰਨ ਨਗਰ ਕੌਂਸਲ ਨੂੰ ਫੰਡਾਂ ਦੀ ਵੀ ਕੋਈ ਘਾਟ ਨਹੀਂ। ਇਸ ਲਈ ਨਗਰ ਕੌਂਸਲ ਨੂੰ ਪਹਿਲ ਦੇ ਆਧਾਰ 'ਤੇ ਸ਼ਹਿਰ ਦੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ।
