23 ਹਫਤਿਆਂ ਦੀ ਗਰਭਵਤੀ 13 ਸਾਲਾ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ
Thursday, Oct 05, 2017 - 11:40 AM (IST)
ਚੰਡੀਗੜ੍ਹ (ਬਰਜਿੰਦਰ)-ਇਕ 13 ਸਾਲਾ ਰੇਪ ਪੀੜਤਾ ਦੇ ਗਰਭਵਤੀ ਹੋਣ ਦੇ ਮਾਮਲੇ 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ ਹੈ। ਪੀੜਤਾ ਦੇ ਪਰਿਵਾਰ ਨੇ ਹਾਈ ਕੋਰਟ 'ਚ ਗਰਭਪਾਤ ਕਰਵਾਏ ਜਾਣ ਦੀ ਮੰਗ ਕੀਤੀ ਸੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਦੀ ਰਿਪੋਰਟ ਵੇਖਣ ਦੇ ਬਾਅਦ ਹਾਈ ਕੋਰਟ ਨੇ ਇਹ ਕਾਰਵਾਈ ਕੀਤੀ। ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਦੇ ਰਜਿਸਟਰਾਰ ਨੂੰ ਹੁਕਮ ਦਿੱਤੇ ਕਿ ਪੀੜਤਾ ਦੇ ਪਰਿਵਾਰ ਤੋਂ ਮਨਜ਼ੂਰੀ ਲੈਣ ਦੇ ਬਾਅਦ ਸੀਨੀਅਰ ਗਾਇਨਾਕੋਲੋਜਿਸਟ ਦੀ ਟੀਮ ਤੋਂ ਗਰਭਪਾਤ ਕਰਵਾਇਆ ਜਾਵੇ। ਉਥੇ ਹੀ ਆਪ੍ਰੇਸ਼ਨ ਦੌਰਾਨ ਤੇ ਉਸ ਦੇ ਬਾਅਦ ਹੋਣ ਵਾਲੇ ਖਰਚ ਨੂੰ ਪਟੀਸ਼ਨਰ ਪਰਿਵਾਰ ਤੋਂ ਨਾ ਵਸੂਲਿਆ ਜਾਵੇ ਤੇ ਉਨ੍ਹਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਜਿਸ 'ਚ ਪੌਸ਼ਟਿਕ ਭੋਜਨ ਵੀ ਸ਼ਾਮਲ ਹੋਵੇ। ਬਠਿੰਡਾ ਪੁਲਸ ਨੇ ਮਾਮਲੇ 'ਚ 16 ਸਤੰਬਰ ਨੂੰ ਰੇਪ, ਧਮਕਾਉਣ ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਸੀ।
