ਗਾਇਬ ਸਰੂਪਾਂ ਦੇ ਮਾਮਲੇ ''ਚ ਸਿੱਖ ਜਥੇਬੰਦੀਆਂ ਦਾ ਰੋਹ ਵਧਿਆ, ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਘਰਾਂ ਦਾ ਘਿਰਾਓ
Tuesday, Oct 06, 2020 - 11:34 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਪੰਡਿਤ) : ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਵਿੱਤਰ ਸਰੂਪਾਂ ਦੇ ਸਬੰਧ ਵਿਚ ਸਮੁੱਚੇ ਪੰਜਾਬ ਵਿਚ ਐੱਸ. ਜੀ. ਪੀ. ਸੀ. ਮੈਂਬਰਾਂ ਦੇ ਕੀਤੇ ਜਾ ਰਹੇ ਘਿਰਾਓ ਤਹਿਤ ਅੱਜ ਟਾਂਡਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾਂ ਘਰ ਦਾ ਘਿਰਾਓ ਵੀ ਕੀਤਾ ਗਿਆ। ਜਥੇਦਾਰ ਸੰਦੀਪ ਸਿੰਘ ਖ਼ਾਲਸਾ ਜਰਨਲ ਸਕੱਤਰ ਪੰਜਾਬ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਅਤੇ ਨੋਵਲਜੀਤ ਸਿੰਘ (ਆਵਾਜ਼-ਏ-ਕੌਮ) ਦੀ ਅਗਵਾਈ ਵਿਚ ਕੀਤੇ ਗਏ ਇਸ ਘਿਰਾਓ ਸ਼੍ਰੋਮਣੀ ਕਮੇਟੀ ਵੱਲੋਂ ਗਾਇਬ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਇਸ ਮੌਕੇ ਇਕੱਤਰ ਹੋਏ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੰਦੀਪ ਸਿੰਘ ਖ਼ਾਲਸਾ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਾਣਕਾਰੀ ਨਹੀਂ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਿੱਖ ਸੰਗਤ ਵਿਚ ਆ ਕੇ ਬੈਠਣ ਅਤੇ ਸ਼੍ਰੋਮਣੀ ਕਮੇਟੀ ਤੋਂ ਗਾਇਬ ਕੀਤੇ ਸਰੂਪਾਂ ਦਾ ਹਿਸਾਬ ਮੰਗਣ।
ਇਸ ਮੌਕੇ ਸਸ਼੍ਰੋਮਣੀ ਭਗਤ ਧੰਨਾ ਜੀ ਮਿਸਲ ਦੇ ਮੁੱਖ ਜਥੇਦਾਰ ਬਾਬਾ ਗੁਰਦੇਵ ਸਿੰਘ, ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਅਮਰ ਸਿੰਘ ਸੋਢੀ, ਤਰਨਾ ਦਲ ਦੋਆਬਾ ਤੋਂ ਬਾਬਾ ਬੂਟਾ ਸਿੰਘ, ਬਾਬਾ ਕੇਵਲ ਸਿੰਘ, ਗੁਰਦੀਪ ਸਿੰਘ ਖੁਣ ਖੁਣ ਪੀ.ਏ.ਸੀ ਮੈਂਬਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਮਾਸਟਰ ਕੁਲਦੀਪ ਸਿੰਘ ਮਸੀਤਪਲਕੋਟ, ਗੁਰਨਾਮ ਸਿੰਘ ਸਿੰਗੜੀਵਾਲ, ਗੁਰਦੀਪ ਸਿੰਘ ਗੜਦੀਵਾਲਾ, ਅਵਤਾਰ ਸਿੰਘ ਝਿੰਗੜ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਲਵਦੀਪ ਸਿੰਘ, ਕਰਨੈਲ ਸਿੰਘ, ਅਰਸ਼ਦੀਪ ਸਿੰਘ ਅਤੇ ਵੱਡੀ ਸੰਖਿਆ ਵਿਚ ਸਿੱਖ ਸੰਗਤ ਮੌਜੂਦ ਸੀ।