ਵਿਦੇਸ਼ਾਂ ’ਚ ਬੈਠੇ ਅੱਤਵਾਦੀ ਪੰਜਾਬ ’ਚ ਕਰ ਰਹੇ ਨਾਰਕੋ ਟੈਰੇਜ਼ਿਮ, ਰਿੰਦਾ IAS ਦੇ ਇਸ਼ਾਰੇ ’ਤੇ ਕਰਦੈ ਅੱਤਵਾਦੀ ਮੂਵਮੈਂਟ
Sunday, Aug 14, 2022 - 10:49 AM (IST)
ਅੰਮ੍ਰਿਤਸਰ (ਸੰਜੀਵ)- ਵਿਦੇਸ਼ਾਂ ਵਿਚ ਪਨਾਹ ਲੈ ਰਹੀਆਂ ਅੱਤਵਾਦੀ ਜਥੇਬੰਦੀਆਂ ਦੇ ਮੁਖੀ ਪੰਜਾਬ ਵਿਚ ਨਾਰਕੋ ਟੈਰੇਜ਼ਿਮ ਅਤੇ ਅੱਤਵਾਦੀ ਲਹਿਰ ਦਾ ਤਾਣਾ-ਬਾਣਾ ਬਣ ਰਹੇ ਹਨ। ਇਕ ਪਾਸੇ ਜਿਥੇ ਪਾਕਿਸਤਾਨ ਵਿਚ ਲੁਕਿਆ ਹੋਇਆ ਖ਼ਤਰਨਾਕ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਆਈ. ਏ. ਐੱਸ. ਦੇ ਇਸ਼ਾਰੇ ’ਤੇ ਪੰਜਾਬ ਵਿਚ ਹਥਿਆਰ ਸਪਲਾਈ ਕਰਨ ਦੇ ਨਾਲ-ਨਾਲ ਅੱਤਵਾਦੀ ਮਾਡਿਊਲ ਤਿਆਰ ਕਰ ਰਿਹਾ ਹੈ। ਉੱਥੇ ਕੈਨੇਡਾ ਵਿਚ ਬੈਠਾ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ, ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਪੰਜਾਬ ਨੂੰ ਅੱਗ ’ਚ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਟੈਲੀਜੈਂਸ ਦੇ ਇਨਪੁਟਸ ਅਨੁਸਾਰ ਪੰਜਾਬ ਵਿਚ ਇਸ ਸਮੇਂ ਇਕ ਦਰਜਨ ਤੋਂ ਵੱਧ ਗੈਂਗ ਅਤੇ ਅੱਤਵਾਦੀ ਸੰਗਠਨ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ ਅੱਧੀ ਦਰਜਨ ਦੇ ਕਰੀਬ ਵਿਦੇਸ਼ਾਂ ਤੋਂ ਚੱਲ ਰਹੇ ਹਨ। ਡਰੋਨ ਰਾਹੀਂ ਪੰਜਾਬ ਵਿੱਚ ਹਥਿਆਰ ਭੇਜਣ ਅਤੇ ਹੈਂਡਓਵਰ ਰਾਹੀਂ ਪੈਸੇ ਭੇਜਣ ਦਾ ਕੰਮ ਵਿਦੇਸ਼ਾਂ ਤੋਂ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼
ਕੌਣ ਹੈ ਅੱਤਵਾਦੀ ‘ਰਿੰਦਾ’
ਪਾਕਿਸਤਾਨ ਵਿਚ ਲੁਕ ਕੇ ਬੈਠਾ ਖ਼ਤਰਨਾਕ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਆਈ. ਐਸ. ਆਈ. ਦੇ ਇਸ਼ਾਰੇ ’ਤੇ ਪੰਜਾਬ ਵਿਚ ਨਾਰਕੋ ਟੈਰੇਜ਼ਿਮ ਅਤੇ ਅੱਤਵਾਦੀ ਲਹਿਰ ਨੂੰ ਉਤਸ਼ਾਹਿਤ ਕਰ ਰਿਹਾ ਹੈ। ਰਿੰਦਾ ਨਾ ਸਿਰਫ ਸੂਬੇ ਵਿਚ ਅੱਤਵਾਦੀ ਮਾਡਿਊਲ ਤਿਆਰ ਕਰ ਰਿਹਾ ਹੈ, ਸਗੋਂ ਅੱਤਵਾਦੀ ਸੰਗਠਨਾਂ ਨਾਲ ਜੁੜੇ ਨੌਜਵਾਨਾਂ ਅਤੇ ਗੈਂਗਸਟਰਾਂ ਨੂੰ ਅਤਿ-ਆਧੁਨਿਕ ਹਥਿਆਰ ਅਤੇ ਵਿਸਫੋਟਕ ਵੀ ਸਪਲਾਈ ਕਰ ਰਿਹਾ ਹੈ। ਮੋਹਾਲੀ ਵਿਚ ਇੰਟੈਲੀਜੈਂਸ ਹੈਡ ਕੁਆਟਰ ਵਿਚ ਹੋਏ ਧਮਾਕੇ ਤੋਂ ਬਾਅਦ ਰਿੰਦਾ ਦਾ ਨਾਂ ਦੇਸ਼ ਦੀ ਹਰ ਸੁਰੱਖਿਆ ਏਜੰਸੀ ਦੀ ਹਿੱਟ ਲਿਸਟ ’ਤੇ ਆ ਗਿਆ ਸੀ। ਐੱਨ. ਆਈ. ਏ. ਤਾਂ ਇਸ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ
ਦੇਸ਼ ’ਚ ਸਲੀਪਰ ਸੈਲ ਸਰਗਰਮ
ਪਾਕਿਸਤਾਨ ਵਿਚ ਬੈਠ ਕੇ ਰਿੰਦਾ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਆਪਣੇ ਸਲੀਪਰ ਸੈਲ ਨੂੰ ਸਰਗਰਮ ਕਰ ਰਿਹਾ ਹੈ। ਰਿੰਦਾ ਜੋ ਦੇਸ਼ ਦੇ ਕਈ ਰਾਜਾਂ ਦੀ ਪੁਲਸ ਨੂੰ ਲੋੜੀਂਦਾ ਹੈ, ਆਪਣੇ ਸਲੀਪਰ ਸੈਲ ਨੂੰ ਪੈਸੇ ਭੇਜਦਾ ਹੈ। ਪੰਜਾਬ ਹਰਿਆਣਾ ਚੰਡੀਗੜ੍ਹ ਮਹਾਰਾਸਟਰ ਤੋਂ ਇਲਾਵਾ ਪੱਛਮੀ ਬੰਗਾਲ ਵਿਚ ਰਿੰਦਾ ਵਿਰੁੱਧ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਕਤਲ, ਲੁੱਟਾਂ-ਖੋਹਾਂ, ਡਕੈਤੀ, ਨਸ਼ਾ ਸਮੱਗਲਿੰਗ, ਅਸਲਾ ਐਕਟ ਸ਼ਾਮਲ ਹਨ। ਮਹਾਰਾਸ਼ਟਰ ਦੇ ਨਾਂਦੇੜ ਵਿਚ ਦਬਦਬਾ ਰੱਖਣ ਵਾਲਾ ਰਿੰਦਾ ਹੁਣ ਪਾਕਿਸਤਾਨ ਵਿਚ ਬੈਠ ਕੇ ਅਪਰਾਧ ਦੀ ਦੁਨੀਆ ਵਿਚ ਆਪਣਾ ਉਹੀ ਪੁਰਾਣਾ ਨੈਟਵਰਕ ਵਰਤ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ
ਕੌਣ ਹੈ ਗੁਰਪਤਵੰਤ ਸਿੰਘ ਪੰਨੂ
ਸਿੱਖ ਫਾਰ ਜਸਟਿਸ ਦੇ ਮੌਜੂਦਾ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿਚ ਹੋਇਆ ਸੀ, ਉਹ ਬਾਅਦ ’ਚ ਵਿਦੇਸ਼ ਚਲਾ ਗਿਆ ਅਤੇ ਆਈ. ਏ. ਐੱਸ ਦੇ ਕਹਿਣ ’ਤੇ ਪੰਜਾਬ ਵਿਚ ਇਕ ਵਾਰ ਫਿਰ ਖਾਲਿਸਤਾਨ ਦੀ ਲਹਿਰ ਨੂੰ ਸੁਰਜੀਤ ਕੀਤਾ। 2020 ਵਿਚ, ਭਾਰਤ ਸਰਕਾਰ ਨੇ ਗੁਰਪਤਵੰਤ ਸਿੰਘ ਨੂੰ ਅੱਤਵਾਦੀ ਕਰਾਰ ਦਿੱਤਾ, ਪੰਜਾਬ ਪੁਲਸ ਨੇ ਜੁਲਾਈ 2020 ਵਿਚ ਅੰਮ੍ਰਿਤਸਰ ਅਤੇ ਕਪੂਰਥਲਾ ਵਿਚ ਗੁਰਪਤਵੰਤ ’ਤੇ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ। ਪੈਸਿਆਂ ਦਾ ਲਾਲਚ ਦੇ ਕੇ ਅੱਤਵਾਦੀ ਲਹਿਰ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਪੰਨੂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਆਈਫੋਨ ਦਾ ਲਾਲਚ ਦੇ ਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਵੀ ਕਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਖ਼ਤਰਨਾਕ ਗੈਂਗਸਟਰ ‘ਗੋਲਡੀ ਬਰਾੜ’
ਗੋਲਡੀ ਬਰਾੜ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ, ਜਿਸ ਨੇ ਕੈਨੇਡਾ ਵਿਚ ਬੈਠ ਕੇ ਪੰਜਾਬ ਅਤੇ ਹੋਰ ਕਈ ਸੂਬਿਆਂ ਵਿਚ ਟਾਰਗੇਟ ਕਿਲਿੰਗ, ਜਾਨੋਂ ਮਾਰਨ ਦੀਆਂ ਧਮਕੀਆਂ, ਫਿਰੌਤੀ ਮੰਗਣ ਅਤੇ ਦੇਸ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਹੈ। ਹਾਲ ਹੀ ਵਿਚ ਗੋਲਡੀ ਬਰਾੜ ਨੇ ਵੀ ਸੋਸ਼ਲ ਮੀਡੀਆ ’ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਸੀ, ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਨਾਂ ਸਾਹਮਣੇ ਆਇਆ ਸੀ ਅਤੇ ਪੰਜਾਬ ਪੁਲਸ ਉਨ੍ਹਾਂ ਨੂੰ ਤਿਹਾੜ ਜੇਲ੍ਹ ਤੋਂ ਜਾਂਚ ਲਈ ਲੈ ਕੇ ਆਈ ਸੀ। ਸਮੇਂ-ਸਮੇਂ ’ਤੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦੇਣ ਵਾਲਾ ਗੋਲਡੀ ਬਰਾੜ ਕੈਨੇਡਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ