ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਤਿੰਨ ਖ਼ਿਲਾਫ਼ ਕੇਸ ਦਰਜ
Tuesday, Apr 06, 2021 - 04:20 PM (IST)
ਫਗਵਾੜਾ (ਹਰਜੋਤ) : ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਸਿਟੀ ਪੁਲਸ ਨੇ ਤਿੰਨ ਖ਼ਿਲਾਫ਼ ਧਾਰਾ 420, 120-ਬੀ, 13 ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਐਕਟ 2014 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਗੋਵਿੰਦਰ ਬਖਸ਼ੀ ਪਤਨੀ ਰਾਮ ਲਾਲ ਬਖਸ਼ੀ ਵਾਸੀ ਅਰਬਨ ਅਸਟੇਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮਨਦੀਪ ਕੁਮਾਰੀ ਜੋ ਕਿ ਉਸਦੀ ਭਾਣਜੀ ਹੈ ਉਸਦਾ ਪਤੀ ਸੁਖਵਿੰਦਰ ਸਿੰਘ ਹੈ ਜੋ ਵਿਦੇਸ਼ ’ਚ ਰਹਿੰਦੇ ਹਨ ਤੇ ਗੁਰਪ੍ਰੀਤ ਸਿੰਘ ਜੋ ਕਿ ਸੁਖਵਿੰਦਰ ਸਿੰਘ ਦਾ ਭਤੀਜਾ ਹੈ। ਉਸਨੇ ਦੱਸਿਆ ਕਿ ਉਹ ਇੱਥੇ ਰਹਿ ਰਿਹਾ ਸੀ ਤਾਂ ਉਨ੍ਹਾਂ ਉਸ ਨੂੰ ਬਾਹਰ ਪੋਲੈਂਡ ਵਿੱਖੇ ਵਰਕ ਪਰਮਿਟ ’ਤੇ ਸੱਦਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਵਿਦੇਸ਼ ਆਉਣ ਲਈ 10 ਲੱਖ ਰੁਪਏ ਦਾ ਖਰਚਾ ਆਵੇਗਾ। ਜਿਸ ਤੋਂ ਬਾਅਦ ਉਸ ਨੇ ਮਈ 2018 ਨੂੰ ਇਨ੍ਹਾਂ ਨੂੰ ਆਪਣਾ ਪਾਸਪੋਰਟ ਤੇ ਐਡਵਾਂਸ ’ਚ ਡੇਢ ਲੱਖ ਰੁਪਏ ਦੇ ਦਿੱਤੇ ਤੇ ਬਾਅਦ ’ਚ ਵੱਖ-ਵੱਖ ਤਾਰੀਕਾ ਨੂੰ ਉਸ ਪਾਸੋਂ 10 ਲੱਖ ਰੁਪਏ ਲੈ ਲਏ ਤੇ ਉਸ ਤੋਂ ਬਾਅਦ ਉਸ ਨੂੰ ਲਾਅਰੇ ਹੀ ਲਗਾਉਂਦੇ ਰਹੇ ਅਤੇ ਵੀਜ਼ਾ ਨਹੀਂ ਲਗਵਾ ਕੇ ਦਿੱਤਾ। ਇਸ ਸਬੰਧ ’ਚ ਪੁਲਸ ਨੇ ਮਨਦੀਪ ਕੁਮਾਰੀ ਪਤਨੀ ਸੁਖਬੀਰ ਸਿੰਘ, ਸੰਨੀ ਪੁੱਤਰ ਅਮਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਕੱਦੂਵਾਲ ਥਾਣਾ ਲੋਹੀਆ ਖਾਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।