ਬਦਲ ਰਹੇ ਮੌਸਮੀ ਮਿਜਾਜ ਕਾਰਨ ਵੱਖ-ਵੱਖ ਪਿੰਡਾਂ ’ਚ ਹੋਈ ਭਾਰੀ ਗੜ੍ਹੇਮਾਰੀ (ਵੀਡੀਓ)
Friday, Mar 13, 2020 - 01:01 PM (IST)
ਅਬੋਹਰ (ਸੁਨੀਲ ਨਾਗਪਾਲ) - ਪਿਛਲੇ ਕੁਝ ਦਿਨਾਂ ਤੋਂ ਬਦਲ ਰਹੇ ਮੌਸਮ ਦੇ ਮਿਜਾਜ ਕਾਰਨ ਪੈ ਰਹੇ ਮੀਂਹ ਦੇ ਨਾਲ-ਨਾਲ ਹੋ ਰਹੀ ਭਾਰੀ ਗੜ੍ਹੇਮਾਰੀ ਕਾਰਨ ਖੇਤਰ ਦੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਵੀਰਵਾਰ ਨੂੰ ਖੇਤਰ ਦੇ ਕੁਝ ਪਿੰਡਾਂ ’ਚ ਮੀਂਹ ਦੇ ਨਾਲ-ਨਾਲ ਗੜ੍ਹੇ ਪੈਂਦੇ ਵੀ ਦਿਖਾਈ ਦਿੱਤੇ, ਜਿਸ ਕਾਰਣ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਬਾਅਦ ਦੁਪਹਿਰ ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਖੂਈਆਂ ਸਰਵਰ, ਕਲੱਰਖੇੜਾ, ਪੰਜਾਬਾ, ਗੁੰਮਜਾਲ, ਸੈਦਾਂਵਾਲੀ, ਦਾਨੇਵਾਲਾ ਸਤਕੋਸੀ, ਮੌਜਗੜ੍ਹ ਅਤੇ ਪੰਜਕੋਸੀ ਅਤੇ ਤਾਜਾ ਪੱਟੀ ਆਦਿ ਪਿੰਡਾਂ ’ਚ ਭਾਰੀ ਗੜ੍ਹੇਮਾਰੀ ਹੋਈ। ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੇ ਗੜ੍ਹੇਮਾਰੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ’ਚ ਡੁੱਬੇ ਹੋਏ ਹਨ। ਗੜ੍ਹੇਮਾਰੀ ਨੇ ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਪ੍ਰਸ਼ਾਸਨ ਜਲਦ ਹੀ ਇਸ ਮਸਲੇ ਨੂੰ ਗੰਭੀਰਤਾ ਨਾ ਲੈਂਦੇ ਹੋਏ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਤਾਂ ਕਿ ਪੀੜਤ ਕਿਸਾਨਾਂ ਨੂੰ ਸਮੇਂ ’ਤੇ ਮੁਆਵਜਾ ਰਾਸ਼ੀ ਜਾਰੀ ਹੋ ਸਕੇ। ਗੜ੍ਹੇਮਾਰੀ ਕਾਰਣ ਕਿਸਾਨਾਂ ਦੀ ਕਣਕ, ਸਰ੍ਹੋ ਦੀ ਫਸਲਾਂ ਅਤੇ ਕਿੰਨੂ ਦੇ ਬਾਗਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਜਲਦ ਹੀ ਗੜ੍ਹੇਮਾਰੀ ਤੋਂ ਪ੍ਰਭਾਵਿਤ ਇਨਾਂ ਪਿੰਡਾਂ ਦਾ ਦੌਰਾ ਕਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਸਰਕਾਰ ਤੱਕ ਪਹੁੰਚਾ ਮੁਆਵਜਾ ਦਿਵਾਉਣਗੇ।