''ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣਾ ਸਿੱਖਾਂ ਦੇ ਜ਼ਖਮਾਂ ''ਤੇ ਲੂਣ ਛਿੜਕਣ ਦੇ ਬਰਾਬਰ''

Monday, Aug 19, 2019 - 01:04 PM (IST)

''ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣਾ ਸਿੱਖਾਂ ਦੇ ਜ਼ਖਮਾਂ ''ਤੇ ਲੂਣ ਛਿੜਕਣ ਦੇ ਬਰਾਬਰ''

ਅਬੋਹਰ (ਸੁਨੀਲ) - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਉਣਾ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਅਦ ਪ੍ਰਧਾਨ, ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਵਲੋਂ ਕੀਤਾ ਗਿਆ। ਅਬੋਹਰ 'ਚ ਵਿਧਾਇਕ ਅਰੁਣ ਨਾਰੰਗ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਮਾਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸਵ. ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਵਾਇਆ ਗਿਆ ਸੀ।

ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਨੇ ਨਹੀਂ ਕੀਤੇ ਪ੍ਰਬੰਧ
ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਾਰੇ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਰਸਾਤੀ ਮੌਸਮ ਆਉਣ ਤੋਂ ਪਹਿਲਾਂ ਅਧਿਕਾਰੀਆਂ ਨਾਲ ਬੈਠਕ ਕਰਕੇ ਹੜ੍ਹ ਦੀ ਸੰਭਾਵਨਾ 'ਤੇ ਵਿਚਾਰ ਕਰਕੇ ਇਸ ਨਾਲ ਨਜਿੱਠਣ ਦਾ ਪ੍ਰਬੰਧ ਕਰਦੇ ਸਨ। ਦੂਜੇ ਪਾਸੇ ਕੈਪਟਨ ਸਰਕਾਰ ਦੇ ਸੂਬੇ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਸਰਕਾਰ ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਬੋਹਰ ਨੂੰ ਗੋਦ ਲੈ ਕੇ ਬਠਿੰਡਾ ਵਰਗਾ ਬਣਾਉਣ ਦੇ ਵਾਅਦੇ ਬਾਰੇ ਪੁੱਛੇ ਜਾਣ 'ਤੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਲੋਕਾਂ ਨੂੰ ਢਾਈ ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਸੂਬੇ 'ਚ ਉਨ੍ਹਾਂ ਦੀ ਸਰਕਾਰ ਨਹੀਂ ਹੈ।

ਅਬੋਹਰ 'ਚ ਫੂਡ ਪ੍ਰੋਸੈਸਿੰਗ ਪਲਾਂਟ ਛੇਤੀ ਹੋਵੇਗਾ ਸ਼ੁਰੂ
ਉਨ੍ਹਾਂ ਕਿਹਾ ਕਿ ਐੱਮ.ਪੀ. ਫੰਡ ਨਾਲ ਉਹ ਪ੍ਰਤੀ ਸਾਲ 50 ਲੱਖ ਰੁਪਏ ਗ੍ਰਾਂਟ ਦੇ ਰੂਪ 'ਚ ਦੇਣਗੇ, ਜਿਸ ਨਾਲ ਵਿਧਾਇਕ ਇਲਾਕੇ ਦੇ ਵਿਕਾਸ ਕੰਮ ਕਰਵਾ ਸਕਣਗੇ। ਅਬੋਹਰ 'ਚ ਉਦਯੋਗ ਲਾਏ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਪਲਾਂਟ ਲਾਏ ਜਾਣ ਸਬੰਧੀ ਗੱਲ ਚੱਲ ਰਹੀ ਹੈ, ਛੇਤੀ ਹੀ ਇਹ ਪ੍ਰਾਜੈਕਟ ਇਥੇ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸੁਨੀਲ ਜਾਖੜ ਨੂੰ ਕੋਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਥੋਂ ਦੇ ਲੋਕਾਂ ਨਾਲ ਦੁਸ਼ਮਣੀ ਕੱਢ ਰਹੇ ਹਨ। ਸਾਬਕਾ ਸਰਕਾਰ ਵੱਲੋਂ ਸ਼ਹਿਰ ਦੇ ਸੰਪੂਰਨ ਵਿਕਾਸ ਲਈ ਅਮਰੁਤ ਯੋਜਨਾ ਲਿਆਂਦੀ ਗਈ ਸੀ ਅਤੇ ਟੈਂਡਰ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤੇ ਗਏ ਸਨ ਪਰ ਪੰਜਾਬ 'ਚ ਸਰਕਾਰ ਬਦਲਣ 'ਤੇ ਫੰਡ ਭੇਜਣ ਦੀ ਰਫਤਾਰ ਮੱਠੀ ਪਈ ਹੈ ਅਤੇ ਹੁਣ ਵੀ ਬਹੁਤ ਘੱਟ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ।ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਰੁਣ ਨਾਰੰਗ, ਬੱਲੂਆਣਾ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਨਾ ਸਮੇਤ ਅਕਾਲੀ-ਭਾਜਪਾ ਦੇ ਹੋਰ ਵਰਕਰ ਮੌਜੂਦ ਸਨ।


author

rajwinder kaur

Content Editor

Related News