ਬਰਗਾੜੀ ਬੇਅਦਬੀ ਕਾਂਡ ਦੀ ਸਹੀ ਜਾਂਚ ਹੁੰਦੀ ਤਾਂ ਸ੍ਰੀ ਹਰਿਮੰਦਰ ਸਾਹਿਬ 'ਚ ਨਾ ਵਾਪਰਦੀ ਅਜਿਹੀ ਘਟਨਾ : ਕੇਜਰੀਵਾਲ
Wednesday, Feb 16, 2022 - 12:41 PM (IST)
ਮੋਹਾਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਅੱਜ ਯਾਨੀ ਬੁੱਧਵਾਰ ਨੂੰ ਮੋਹਾਲੀ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਪਾਰਟੀ 'ਚ ਸ਼ਾਮਲ ਹੋਏ ਹਨ, ਜਿਸ ਨਾਲ ਅੰਮ੍ਰਿਤਸਰ 'ਚ 'ਆਪ' ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ,''ਅਸੀਂ ਅੰਮ੍ਰਿਤਸਰ ਨੂੰ ਵਰਲਡ ਆਈਕਾਨ ਸਿਟੀ ਬਣਾਉਣ 'ਤੇ ਕੰਮ ਕਰਾਂਗੇ।''
ਇਸ ਦੌਰਾਨ ਕੇਜਰੀਵਾਲ ਪ੍ਰਦੇਸ਼ ਸਰਕਾਰ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਪੰਜਾਬ 'ਚ ਪਰਚਾ ਰਾਜ ਹੈ। ਲੋਕ ਗੱਲ ਕਰਨ ਤੋਂ ਡਰ ਰਹੇ ਹਨ। ਪੁਰਾਣੇ ਝੂਠੇ ਪਰਚੇ ਕੈਂਸਲ ਕੀਤੇ ਜਾਣਗੇ। ਪੰਜਾਬ 'ਚ ਪਰਚਾ ਰਾਜ ਬੰਦ ਕਰਾਂਗੇ। ਵਪਾਰੀਆਂ ਦੇ ਮਨ ਤੋਂ ਡਰ ਦੂਰ ਕੀਤਾ ਜਾਵੇਗਾ।''
ਕੇਜਰੀਵਾਲ ਨੇ ਕਿਹਾ,''ਪੰਜਾਬ 'ਚ ਕਿਹਾ ਜਾਂਦਾ ਹੈ ਕਿ ਵਪਾਰੀ ਕਾਂਗਰਸ ਦਾ ਵੋਟ ਬੈਂਕ ਹਨ, ਮੈਂ ਵਪਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ 'ਆਪ' ਨੂੰ ਇਕ ਮੌਕਾ ਦੇ ਕੇ ਦੇਖੋ, ਅਸੀਂ ਤੁਹਾਡਾ ਦਿਲ ਜਿੱਤ ਲਵਾਂਗੇ। ਅਸੀਂ ਸਾਰੇ ਮਸਲੇ ਹੱਲ ਕਰਾਂਗੇ। ਜੇਕਰ ਸਾਡੇ ਮੰਤਰੀ ਜਾਂ ਵਿਧਾਇਕ ਵਪਾਰੀਆਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਐਕਸ਼ਨ ਲਵਾਂਗੇ। ਹੁਣ ਤੱਕ ਵਪਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਸਾਡੀ ਸਰਕਾਰ 'ਚ ਵਪਾਰੀਆਂ ਨੂੰ ਹਿੱਸੇਦਾਰੀ ਦਿੱਤੀ ਜਾਵੇਗੀ।'' ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਦੀ ਜੇਕਰ ਸਹੀ ਤਰ੍ਹਾਂ ਜਾਂਚ ਹੋਈ ਹੁੰਦੀ ਤਾਂ ਸ੍ਰੀ ਹਰਿਮੰਦਰ ਸਾਹਿਬ 'ਚ ਅਜਿਹੀ ਘਟਨਾ ਨਹੀਂ ਹੋਣੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ