ਲੋਕਾਂ ਨੇ ਮੁਹੱਲਾ ਕਲੀਨਿਕ ਦਾ ਕੀਤਾ ਵਿਰੋਧ ਤਾਂ 'ਆਪ' ਵਿਧਾਇਕ ਉੱਗੋਕੇ ਦਾ ਵਧਿਆ ਪਾਰਾ, ਵੀਡੀਓ ਹੋ ਰਹੀ ਵਾਇਰਲ
Friday, Jan 27, 2023 - 10:47 PM (IST)
ਭਦੌੜ (ਰਾਕੇਸ਼, ਪੁਨੀਤ) : ਕਸਬਾ ਸ਼ਹਿਣਾ ਦੇ ਮਿੰਨੀ ਪ੍ਰਾਇਮਰੀ ਹਸਪਤਾਲ ਨੂੰ ਮੁਹੱਲਾ ਕਲੀਨਿਕ ’ਚ ਤਬਦੀਲ ਕਰਨ ਪਿੱਛੋਂ ਅੱਜ ਸ਼ੁੱਕਰਵਾਰ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ, ਪੰਚ ਸੁਖਵਿੰਦਰ ਸਿੰਘ ਧਾਲੀਵਾਲ ਤੇ ਕਾਮਰੇਡ ਖੁਸ਼ੀਆ ਸਿੰਘ ਨੇ ਮਿਲ ਕੇ ਮੁਹੱਲਾ ਕਲੀਨਿਕ ਦਾ ਵਿਰੋਧ ਕਰਦਿਆਂ ਹਸਪਤਾਲ ਅੱਗੇ ਧਰਨਾ ਦੇ ਦਿੱਤਾ। ਉਕਤ ਆਗੂਆਂ ਨੇ ਪੁਰਾਣਾ ਹਸਪਤਾਲ ਜਿਉਂ ਦਾ ਤਿਉਂ ਰੱਖਣ ਅਤੇ ਸਟਾਫ਼ ਪੂਰਾ ਕਰਨ ਦੀ ਮੰਗ ਕੀਤੀ ਤੇ ਮੁਹੱਲਾ ਕਲੀਨਿਕ ਲਈ ਹੋਰ ਜਗ੍ਹਾ ਦੇਣ ਦੀ ਪੇਸ਼ਕਸ਼ ਵੀ ਕੀਤੀ।
ਇਹ ਵੀ ਪੜ੍ਹੋ : ਪ੍ਰਦਰਸ਼ਨਕਾਰੀਆਂ ਦੀ ਦੋ-ਟੁਕ, ਸ਼ਰਾਬ ਫੈਕਟਰੀ ਨੂੰ ਤਾਲਾ ਲਗਵਾ ਕੇ ਹੀ ਪਰਤਾਂਗੇ ਘਰ
ਇਸ ਮੌਕੇ ਐੱਸ.ਡੀ.ਐੱਮ. ਗੋਪਾਲ ਸਿੰਘ, ਐੱਸ.ਐੱਮ.ਓ. ਨਵਜੋਤਪਾਲ ਸਿੰਘ ਭੁੱਲਰ, ਡੀ.ਐੱਸ.ਪੀ. ਰਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਜਗਦੇਵ ਸਿੰਘ, ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਭਦੌੜ ਤੇ ‘ਆਪ’ ਵਰਕਰਾਂ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਸਰਪੰਚ ਦੇ ਪੁੱਤਰ ਨੂੰ ਮਾਰ-ਮਾਰ ਥੱਪੜ ਅੰਦਰ ਸੁੱਟਣ ਦੀ ਵੀਡੀਓ ਹੋਈ ਵਾਇਰਲ
ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਜਦੋਂ ਪਿੰਡ ਸ਼ਹਿਣਾ ਵਿਖੇ ਮੁਹੱਲਾ ਕਲੀਨਕ ਦਾ ਉਦਘਾਟਨ ਕਰਨ ਲਈ ਸ਼ਹਿਣਾ ਵਿਖੇ ਆਏ ਤਾਂ ਉਸ ਸਮੇਂ ਪਿੰਡ ਦੀ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੁਖਵਿੰਦਰ ਸਿਘ ਕਲਕੱਤਾ ਨੇ ਹਲਕਾ ਵਿਧਾਇਕ ਨਾਲ ਗੱਲਬਾਤ ਕਰਨ ਸਮੇਂ ਕਿਹਾ ਕਿ ਅਸੀਂ ਮੁਹੱਲਾ ਕਲੀਨਿਕ ਦਾ ਸਵਾਗਤ ਕਰਦੇ ਹਾਂ ਪਰ ਸਾਡੇ ਕਸਬੇ ਦੀ ਅਬਾਦੀ 25 ਹਜ਼ਾਰ ਦੇ ਕਰੀਬ ਹੈ ਅਤੇ ਸਾਡਾ ਜੋ ਮੁੱਢਲਾ ਸਿਹਤ ਕੇਂਦਰ ਹੈ, ਇਸ ਨੂੰ ਬੰਦ ਨਾ ਕਰੋ ਅਤੇ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਸਾਡੇ ਕੋਲੋਂ ਜਗ੍ਹਾ ਲੈ ਲਵੋ, ਜਿੱਥੇ ਤੁਹਾਨੂੰ ਠੀਕ ਲੱਗਦੀ ਹੈ, ਉਥੇ ਤੁਸੀਂ ਬਿਲਡਿੰਗ ਬਣਾ ਲਵੋ ਜੇਕਰ ਤੁਹਾਡੇ ਕੋਲ ਕੋਈ ਫੰਡ ਦੀ ਕਮੀ ਹੈ ਤਾਂ ਅਸੀਂ ਤੁਹਾਨੂੰ ਬਣੀ ਹੋਈ ਇਮਾਰਤ ਦੇ ਦਿੰਦੇ ਹਾਂ।
ਇਹ ਵੀ ਪੜ੍ਹੋ : ਲੰਡਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਚੋਣਾਂ ਦੌਰਾਨ ਲੋਕਾਂ ਨੂੰ ਤੁਹਾਡੇ ਵਰਕਰਾਂ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਅਪਗ੍ਰੇਡ ਕਰਕੇ 17 ਬਿਸਤਰਿਆਂ ਵਾਲਾ ਹਸਪਤਾਲ ਬਣਾਵਾਂਗੇ। ਇਸ ਗੱਲ ’ਤੇ ਹਲਕਾ ਵਿਧਾਇਕ ਨਾਲ ਬਹਿਸ ਹੋਣ ਦੌਰਾਨ ਸੁਖਵਿੰਦਰ ਸਿੰਘ ਕਲਕੱਤਾ ਨੂੰ ਹਲਕਾ ਵਿਧਾਇਕ ਨੇ ਕਿਹਾ ਕਿ ਤੂੰ ਝੂਠ ਬੋਲ ਰਿਹਾ ਹੈ। ਵਿਧਾਇਕ ਵੱਲੋਂ ਮਾਰ-ਮਾਰ ਥੱਪੜ ਅੰਦਰ ਸੁੱਟਣ ਦੀ ਗੱਲ ਕਹਿਣ ਦੀ ਵੀਡੀਓ ਹਰ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ, ਜਿਸ ਦਾ ਲੋਕਾਂ ਵੱਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ 9 ਦੇਸੀ ਪਿਸਤੌਲ, 4 ਜ਼ਿੰਦਾ ਰੌਂਦ ਤੇ ਜਾਅਲੀ ਕਰੰਸੀ ਸਮੇਤ 3 ਗ੍ਰਿਫ਼ਤਾਰ
ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਉੱਗੋਕੇ ਨੇ ਕਿਹਾ ਕਿ ‘ਆਪ’ ਸਰਕਾਰ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਿਕ ਖੋਲ੍ਹ ਰਹੀ ਹੈ। ਇਸ ਕਲੀਨਿਕ ਵਿੱਚ 41 ਤਰ੍ਹਾਂ ਦੇ ਟੈਸਟ ਅਤੇ 71 ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸ਼ਹਿਣਾ ਦੇ ਹਸਪਤਾਲ ਦੀ ਤਰਜ਼ 'ਤੇ ਬਣੇ ਇਸ ਆਮ ਆਦਮੀ ਕਲੀਨਿਕ 'ਚ ਕਈ ਸਾਲਾਂ ਬਾਅਦ ਡਾਕਟਰ ਦੀ ਅਸਾਮੀ ਭਰੀ ਗਈ ਹੈ। ਇਸ ਦੇ ਨਾਲ ਹੀ ਸਰਪੰਚ ਦੇ ਲੜਕੇ ਦੇ ਥੱਪੜ ਮਾਰਨ ਦੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਮੇਰੇ 'ਤੇ ਝੂਠੇ ਦੋਸ਼ ਲਗਾ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।