ਆਪ ਵਿਧਾਇਕ ਦਾ ਵੱਡਾ ਬਿਆਨ, ''ਵੈਂਟੀਲੇਟਰ ''ਤੇ ਪੁੱਜੀ ਪੰਜਾਬ ਕਾਂਗਰਸ, ਕੋਈ ਦਵਾ, ਥੈਰੇਪੀ ਬਚਾ ਨਹੀਂ ਸਕਦੀ''
Thursday, Jun 03, 2021 - 01:47 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕੈਪਟਨ ਸਰਕਾਰ ਨੂੰ ਬਿਜਲੀ ਦੇ ਮਾਮਲੇ ’ਤੇ ਘੇਰਦਿਆਂ ਇਸ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਰਾਘਵ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਰਾਜ ਕਾਲ ਦੇ ਚਾਰ ਸਾਲਾਂ ਵਿਚ ਬਿਜਲੀ ਦੇ ਬਿੱਲਾਂ ਵਿਚ ਭਾਰੀ ਵਾਧਾ ਕੀਤਾ ਹੈ ਪਰ ਹੁਣ ਆਖ਼ਰੀ ਸਾਲ ਵਿਚ ਬਿਜਲੀ ਦੇ ਬਿੱਲਾਂ ਵਿਚ ਪ੍ਰਤੀ ਯੂਨਿਟ ਚੁਆਨੀ- ਅਠਿਆਨੀ ਦੀ ਕਮੀ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਵਾਧੂ ਬਿਜਲੀ ਵਾਲਾ ਸੂਬਾ ਦੇਸ਼ ਵਿਚੋਂ ਸਭ ਤੋਂ ਮਹਿੰਗੀ ਬਿਜਲੀ ਵੇਚ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਡਿਪਟੀ CM ਦਾ ਮੁੱਦਾ ਆਇਆ ਤਾਂ ਕੈਪਟਨ ਚੱਲਣਗੇ ਆਪਣਾ ਪੱਤਾ
ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਡਰਾਮੇਬਾਜ਼ੀ ਅਤੇ ਧੋਖੇਬਾਜ਼ੀ ਨੂੰ ਸਮਝ ਚੁੱਕੇ ਹਨ ਅਤੇ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਚੰਡੀਗੜ੍ਹ ਪਹੁੰਚੇ ਰਾਘਵ ਚੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਹਮਣੇ ਇਕ ਆਮ ਆਦਮੀ ਪਾਰਟੀ ਦਾ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਮਾਡਲ ਹੈ, ਜਿੱਥੇ ਲੋਕਾਂ ਨੂੰ ਬਿਜਲੀ ਦਾ ਬਿੱਲ ਹੀ ਨਹੀਂ ਦੇਣਾ ਪੈਂਦਾ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਪੰਜਾਬ ਵਿਚਲਾ ਕੈਪਟਨ ਸਰਕਾਰ ਮਾਡਲ ਹੈ, ਜਿੱਥੇ ਲੋਕਾਂ ਨੂੰ ਪੂਰੇ ਦੇਸ਼ ਵਿਚੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ 'ਮੁਲਾਜ਼ਮਾਂ' ਦੀਆਂ ਟੁੱਟੀਆਂ ਆਸਾਂ, ਫਿਰ ਪੱਲੇ ਪਈ ਨਿਰਾਸ਼ਾ
ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਵਾਅਦੇ ਉਲਟ ਨਾ ਸਿਰਫ਼ ਬਿਜਲੀ ਦੇ ਰੇਟਾਂ ਵਿਚ ਲਗਾਤਾਰ ਵਾਧਾ ਕੀਤਾ, ਸਗੋਂ ਮਹਿੰਗੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਤੋਂ ਵੀ ਮੁੱਕਰ ਗਏ ਤੇ ਬਿਜਲੀ ’ਤੇ ਵਾਈਟ ਪੇਪਰ ਲਿਆਉਣ ਤੋਂ ਵੀ ਮੁੱਕਰ ਗਏ। ਵਿਧਾਇਕ ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਮੁੱਖ ਮੰਤਰੀ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਥਾਂ ਆਪਸ ਵਿਚ ਲੜ ਰਹੇ ਹਨ। ਕੋਰੋਨਾ ਵਾਇਰਸ ਤੋਂ ਇਲਾਜ ਲਈ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਵੈਂਟੀਲੇਟਰ, ਸਟਾਫ ਅਤੇ ਆਈ. ਸੀ. ਯੂ. ਬੈਡਾਂ ਦਾ ਕੋਈ ਪ੍ਰਬੰਧ ਹੀ ਨਹੀਂ ਹੈ।
ਇਹ ਵੀ ਪੜ੍ਹੋ : ਦਰਦ ਨਾਲ ਤੜਫਣ ਲੱਗੀ ਟਰੇਨ 'ਚ ਸਫ਼ਰ ਕਰ ਰਹੀ ਗਰਭਵਤੀ, ਪਲੇਟਫਾਰਮ 'ਤੇ ਦਿੱਤਾ ਬੱਚੇ ਨੂੰ ਜਨਮ
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾ ਖਿਲਾਫ਼ੀ ਕਾਰਨ ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਦੇ ਸਕਦੀ ਹੈ, ਨਾ ਪੰਜਾਬ ਵਿਚ ਉਸਦਾ ਕੋਈ ਭਵਿੱਖ ਹੈ। ਕਾਂਗਰਸ ਪਾਰਟੀ ਖੁਦ ਵੈਂਟੀਲੇਟਰ ’ਤੇ ਪਈ ਹੈ, ਕੋਈ ਦਵਾਈ, ਰੈਮਡੇਸਿਵਿਰ ਜਾਂ ਪਲਾਜ਼ਮਾ ਥਰੈਪੀ ਉਸ ਨੂੰ ਨਹੀਂ ਬਚਾ ਸਕਦੀ। ਚੱਢਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਕੇਵਲ ਆਮ ਆਦਮੀ ਪਾਰਟੀ ਤੋਂ ਉਮੀਦ ਹੈ ਅਤੇ ਪੂਰਨ ਬਹੁਮਤ ਨਾਲ ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣੇਗੀ। ਲੋਕ ਸਿਰਫ ਆਮ ਆਦਮੀ ਪਾਰਟੀ ਤੋਂ ਉਮੀਦ ਰੱਖ ਰਹੇ ਹਨ ਕਿ ਆਪ ਦੀ ਸਰਕਾਰ ਹੀ ਪੰਜਾਬ ਨੂੰ ਮੁੜ ਖੁਸ਼ਹਾਲੀ ਵੱਲ ਲੈ ਕੇ ਜਾਵੇਗੀ। ਇਸ ਸਮੇਂ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ