‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
Friday, Dec 09, 2022 - 09:07 PM (IST)

ਮੁੱਲਾਂਪੁਰ ਦਾਖਾ (ਕਾਲੀਆ)-ਭਗਵੰਤ ਸਿੰਘ ਮਾਨ ਦੀ ਸੱਤਾਧਾਰੀ ਸਰਕਾਰ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ‘ਆਪ’ ਆਗੂਆਂ ਵੱਲੋਂ ਦਿਨ-ਰਾਤ ਇਕ ਕੀਤਾ ਹੋਇਆ ਹੈ। ਇਸੇ ਕੜੀ ਤਹਿਤ ਅੱਜ ‘ਆਪ’ ਦੇ ਹਲਕਾ ਇੰਚਾਰਜ ਕੇ. ਐੱਨ. ਐੱਸ. ਕੰਗ ਵੱਲੋਂ ਮੁੱਲਾਂਪੁਰ ਦਾਖਾ ਦੇ ਪਟਵਾਰ ਭਵਨ ਤੋਂ ਇਕ ਠੇਕੇ ’ਤੇ ਰੱਖੇ ਪਟਵਾਰੀ ਨੂੰ ਕਾਬੂ ਕਰਕੇ ਉਸ ਕੋਲੋਂ 5 ਹਜ਼ਾਰ ਦੀ ਨਕਦੀ ਬਰਾਮਦ ਕਰਕੇ ਕਥਿਤ ਦੋਸ਼ੀ ਨੂੰ ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਆਰ. ਪੀ. ਸਿੰਘ ਸੰਧੂ ਦੇ ਦਫ਼ਤਰ ਪੇਸ਼ ਕਰਨ ਵਾਸਤੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਪਟਵਾਰੀ ਮੋਹਨ ਸਿੰਘ ਪਹਿਲਾਂ ਕਾਨੂੰਨਗੋ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਸੀ, ਜਿਸ ਨੂੰ ਸਰਕਾਰ ਨੇ ਆਰਜ਼ੀ ਤੌਰ ’ਤੇ ਪਟਵਾਰੀ ਰੱਖਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’
ਅੱਜ ਸਵੇਰੇ ਪਿੰਡ ਦਾਖਾ ਦੇ ਸਾਬਕਾ ਸਰਪੰਚ ਵਰਿੰਦਰ ਸਿੰਘ, ਜੋ ਆਮ ਆਦਮੀ ਪਾਰਟੀ ਦੇ ਸਰਗਮ ਆਗੂ ਹਨ, ਪਟਵਾਰ ਭਵਨ ਮੁੱਲਾਂਪੁਰ ਦਾਖਾ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਖਰੀਦ ਕੀਤੀ ਇਕ ਏਕੜ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣਾ ਸੀ, ਜਿਸ ਵਾਸਤੇ ਉਕਤ ਪਟਵਾਰੀ ਮੋਹਨ ਸਿੰਘ ਨੇ ਉਨ੍ਹਾਂ ਤੋਂ 10 ਹਜ਼ਾਰ ਰੁਪਏ ਮੰਗੇ ਸਨ, ਜਿਸ ’ਚੋਂ ਉਨ੍ਹਾਂ ਨੇ ਪੰਜ ਹਜ਼ਾਰ ਅੱਜ ਦੇਣ ਦਾ ਵਾਅਦਾ ਕਰ ਲਿਆ ਸੀ। ਬਾਅਦ ਵਿਚ ਸਰਪੰਚ ਵਰਿੰਦਰ ਸਿੰਘ ਸੇਖੋਂ ਨੇ ਹਲਕਾ ਇੰਚਾਰਜ ਕੇ. ਐੱਨ. ਐੱਸ. ਕੰਗ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮਿੱਥੇ ਸਮੇਂ ਅਨੁਸਾਰ ਵਰਿੰਦਰ ਸਿੰਘ ਨੇ ਜਦੋਂ ਪਟਵਾਰੀ ਮੋਹਨ ਸਿੰਘ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਦਿੱਤੀ ਤਾਂ ਹਲਕਾ ਇੰਚਾਰਜ ਡਾ. ਕੰਗ ਨੇ ਰਿਸ਼ਵਤ ਵਾਲੇ ਨੋਟ ਬਰਾਮਦ ਕੀਤੇ ਅਤੇ ਮੌਕੇ ’ਤੇ ਮੀਡੀਆ ਨੂੰ ਸੱਦ ਕੇ ਇਹ ਸਾਰੇ ਨੋਟ ਦਿਖਾਏ ਅਤੇ ਮੌਕੇ ’ਤੇ ਫੜੇ ਪਟਵਾਰੀ ਮੋਹਨ ਸਿੰਘ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਣ ਲਈ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ‘ਆਪ’ ਆਗੂ ਮੋਹਨ ਸਿੰਘ ਮਾਜਰੀ, ਕਰਮ ਸਿੰਘ, ਕਮਲ ਦਾਖਾ ਸਮੇਤ ਹੋਰ ‘ਆਪ’ ਆਗੂ ਹਾਜ਼ਰ ਸਨ।