ਨਾਭਾ ''ਚ ''ਆਪ'' ਆਗੂ ਦੇਵ ਮਾਨ ਦਾ ਵਿਰੋਧ, ਲੋਕਾਂ ਨੇ ਕੀਤੀ ਨਾਅਰੇਬਾਜ਼ੀ

Friday, Sep 17, 2021 - 03:36 PM (IST)

ਨਾਭਾ ''ਚ ''ਆਪ'' ਆਗੂ ਦੇਵ ਮਾਨ ਦਾ ਵਿਰੋਧ, ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਨਾਭਾ (ਰਾਹੁਲ) : ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਹਲਕੇ ਵਿਚ ਜਾ ਕੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉੱਥੇ ਹੀ ਸਿਆਸੀ ਆਗੂਆਂ ਵੱਲੋਂ ਵਿਰੋਧ ਦਾ ਸਾਹਮਣਾ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਾਭਾ ਦੀ ਏਕਤਾ ਕਾਲੋਨੀ ਵਿੱਚ ਆਮ ਆਦਮੀ ਪਾਰਟੀ ਨਾਭਾ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਦਾ ਕਾਲੋਨੀ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਾਲੋਨੀ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਦੇਵ ਮਾਨ ਵੱਲੋਂ ਵਿਕਾਸ ਨੂੰ ਰੋਕਿਆ ਜਾ ਰਿਹਾ ਹੈ, ਜਿਸ ਦੇ ਤਹਿਤ ਅਸੀਂ ਵਿਰੋਧ ਕਰ ਰਹੇ ਹਾਂ। ਕਾਲੋਨੀ ਵਾਸੀਆਂ ਵੱਲੋਂ ਲਗਾਤਾਰ ਦੇਵ ਮਾਨ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ ਗਏ। ਲੋਕਾਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਉਦੋਂ ਤੱਕ ਕੋਈ ਵੀ ਪਾਰਟੀ ਦਾ ਆਗੂ ਨਹੀਂ ਪਹੁੰਚਿਆ ਅਤੇ ਜੇਕਰ ਹੁਣ ਕੰਮ ਚੱਲਣ ਲੱਗਿਆ ਤਾਂ ਦੇਵ ਮਾਨ ਵੱਲੋਂ ਰੁਕਵਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸੀਂ ਇਸ ਕਰਕੇ ਦੇਵ ਮਾਨ ਦਾ ਵਿਰੋਧ ਕਰਨ ਲਈ ਮਜਬੂਰ ਹੋਏ ਹਾਂ। ਇਸ ਮੌਕੇ ਲੋਕਾਂ ਵੱਲੋਂ ਦੇਵ ਮਾਨ ਨੂੰ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਗਿਆ ਕਿ ਜੇਕਰ ਉਹ ਦੁਬਾਰਾ ਹਲਕੇ 'ਚ ਆਉਣਗੇ ਤਾਂ ਇਸੇ ਤਰੀਕੇ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
 


author

Babita

Content Editor

Related News