ਆਮ ਆਦਮੀ ਪਾਰਟੀ ਲਈ ਨਹੀਂ ਗੁਰਦਾਸਪੁਰ ਦਾ ਰਾਹ ਸੌਖਾ

Sunday, Oct 08, 2017 - 07:16 AM (IST)

ਆਮ ਆਦਮੀ ਪਾਰਟੀ ਲਈ ਨਹੀਂ ਗੁਰਦਾਸਪੁਰ ਦਾ ਰਾਹ ਸੌਖਾ

ਜਲੰਧਰ  (ਬੁਲੰਦ) ¸ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਨੇ ਗੁਰਦਾਸਪੁਰ 'ਚ ਭਾਵੇਂ ਆਪਣਾ ਪੂਰਾ ਜ਼ੋਰ ਲਾ ਦਿੱਤਾ ਹੈ ਪਰ ਅਜੇ ਵੀ 'ਆਪ' ਲਈ ਦਿੱਲੀ ਦੂਰ ਹੈ। ਆਮ ਆਦਮੀ ਪਾਰਟੀ ਲਈ ਗੁਰਦਾਸਪੁਰ ਦੀ ਉਪ-ਚੋਣ ਸਿਰਫ ਜਿੱਤਣ ਤਕ ਹੀ ਮਾਇਨੇ ਨਹੀਂ ਰੱਖਦੀ ਸਗੋਂ ਇਹ ਪੰਜਾਬ 'ਚ ਪਾਰਟੀ ਲਈ ਆਪਣਾ ਗੁਆਚਿਆ ਹੋਇਆ ਆਧਾਰ ਮੁੜ ਪ੍ਰਾਪਤ ਕਰਨ ਲਈ ਇਕ ਅਹਿਮ ਕਦਮ ਸਾਬਤ ਹੋ ਸਕਦੀ ਹੈ। ਸਖਤ ਮਿਹਨਤ ਦੇ ਬਾਵਜੂਦ 'ਆਪ' ਲਈ ਗੁਰਦਾਸਪੁਰ ਚੋਣ ਫਿਲਹਾਲ ਦੂਰ ਦੀ ਕੌਡੀ ਬਣੀ ਹੋਈ ਹੈ। ਪਾਰਟੀ ਦੇ ਅੰਦਰੂਨੀ ਕੇਡਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਨੂੰ ਗੁਰਦਾਸਪੁਰ 'ਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਸੀ, ਉਸ ਨਾਲੋਂ ਅੱਧੀ ਵੀ ਨਹੀਂ ਮਿਲ ਰਹੀ। ਅਜਿਹੀ ਹਾਲਤ 'ਚ ਖੁਦ ਨੂੰ ਜਿੱਤ ਦੀ ਆਸ ਦਿਵਾਉਣੀ ਸਿਰਫ ਇਕ ਤਸੱਲੀ ਰਹਿ ਗਈ, ਜਾਪਦੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਕਈ ਅਜਿਹੇ ਫੈਕਟਰ ਹਨ, ਜੋ 'ਆਪ' ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਫੈਕਟਰ ਕੁਝ ਇਸ ਤਰ੍ਹਾਂ ਹਨ :\
ਅਮਨ ਅਰੋੜਾ ਮੈਦਾਨ 'ਚ ਉਤਰੇ ਹੀ ਨਹੀਂ, ਫਿਰ ਕਿਵੇਂ ਭਰਮਾਉਣਗੇ ਹਿੰਦੂ ਵੋਟਰਾਂ ਨੂੰ?
ਇਸ ਉਪ-ਚੋਣ ਦਾ ਸਭ ਤੋਂ ਵੱਡਾ ਫੈਕਟਰ ਜੋ ਇਸ ਸਮੇਂ ਪਾਰਟੀ ਲਈ ਸਿਰਦਰਦੀ ਬਣਿਆ ਹੋਇਆ ਹੈ, ਉਹ ਹੈ ਹਿੰਦੂ ਵੋਟਰਾਂ ਨੂੰ ਭਰਮਾਉਣ 'ਚ ਅਸਫਲ ਰਹਿਣਾ। ਪਾਰਟੀ ਵਿਚ ਇਸ ਸਮੇਂ ਇਸ ਗੱਲ ਨੂੰ ਲੈ ਕੇ ਭਾਰੀ ਨਿਰਾਸ਼ਾ ਹੈ ਕਿ 'ਆਪ' ਨੇ ਪੰਜਾਬ ਦੀ ਇਕਾਈ ਦੇ ਗਠਨ ਸਮੇਂ ਪਾਰਟੀ ਵਲੋਂ ਅਮਨ ਅਰੋੜਾ ਨਾਂ ਦੇ ਇਕ ਆਗੂ ਨੂੰ ਪੰਜਾਬ ਦਾ ਉਪ-ਪ੍ਰਧਾਨ ਜਾਂ ਕੋ-ਕਨਵੀਨਰ ਬਣਾਇਆ ਸੀ, ਇਸ ਦੇ ਪਿੱਛੇ ਪਾਰਟੀ ਦਾ ਮਨੋਰਥ ਇਹ ਸੀ ਕਿ ਅਮਨ ਅਰੋੜਾ ਰਾਹੀਂ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਪਾਰਟੀ ਵਿਚ ਹਿੰਦੂ ਆਗੂ ਨੂੰ ਵੱਡਾ ਅਹੁਦਾ ਦਿੱਤੇ ਜਾਣ ਨਾਲ ਹਿੰਦੂ ਵੋਟਰਾਂ 'ਚ ਪਾਰਟੀ ਦਾ ਅਕਸ ਚੰਗਾ ਰਹੇਗਾ ਕਿ ਪਾਰਟੀ ਧਰਮ-ਨਿਰਪੱਖ ਹੈ ਪਰ ਪਾਰਟੀ ਦਾ ਇਹ ਸਟੈਂਡ ਬੁਰੀ ਤਰ੍ਹਾਂ  ਅਸਫਲ ਸਾਬਤ ਹੋ ਰਿਹਾ ਹੈ ਕਿਉਂਕਿ ਜਿਸ ਹਿੰਦੂ ਆਗੂ ਅਮਨ ਅਰੋੜਾ ਨੂੰ ਪਾਰਟੀ ਨੇ ਇੰਨੀ ਅਹਿਮ ਜ਼ਿੰਮੇਵਾਰੀ ਸੌਂਪੀ ਸੀ, ਉਹ ਤਾਂ ਪਾਰਟੀ 'ਚ ਵੱਡਾ ਅਹੁਦਾ ਲੈਣ ਮਗਰੋਂ ਗਾਇਬ ਹੈ।
ਪਾਰਟੀ ਲਈ ਇੰਨੀ ਅਹਿਮ ਗੁਰਦਾਸਪੁਰ ਉਪ-ਚੋਣ 'ਚ ਅਮਨ ਅਰੋੜਾ ਇਕ ਵਾਰ ਵੀ ਪ੍ਰਚਾਰ ਲਈ ਸਾਹਮਣੇ ਨਹੀਂ ਆਏ। ਇੰਨਾ ਹੀ ਨਹੀਂ, 11 ਅਕਤੂਬਰ ਨੂੰ ਹੋਣ ਵਾਲੀ ਚੋਣ 'ਚ ਅਮਨ ਅਰੋੜਾ ਦੇ ਹੁਣ ਪ੍ਰਚਾਰ ਲਈ ਆਉਣ ਦੀ ਸੰਭਾਵਨਾ ਵੀ ਘੱਟ ਹੀ ਹੈ ਕਿਉਂਕਿ ਉਹ ਆਪਣੇ ਕੈਨੇਡਾ-ਅਮਰੀਕਾ ਦੌਰੇ 'ਤੇ ਹਨ, ਜਿਸ ਨੂੰ ਪਾਰਟੀ ਦੇ ਐੱਨ. ਆਰ. ਆਈ. ਵਿੰਗ  ਨੂੰ ਮਜ਼ਬੂਤ ਕਰਨ ਦਾ ਨਾਂ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ 'ਚੋਂ ਪਾਰਟੀ ਨੂੰ ਚੋਣ ਫੰਡ ਦੇ ਨਾਂ 'ਤੇ ਨਾਂਹ ਦੇ ਬਰਾਬਰ ਹੀ ਫੰਡ ਆਇਆ ਹੈ। ਅਜਿਹੀ ਹਾਲਤ 'ਚ ਗੁਰਦਾਸਪੁਰ ਉਪ-ਚੋਣ 'ਚ ਪਾਰਟੀ ਨੂੰ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ 'ਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ।  ਸੂਤਰਾਂ ਦੀ ਮੰਨੀਏ ਤਾਂ ਇਸ ਬਾਰੇ ਪਾਰਟੀ ਦੇ ਹੀ ਕੁਝ ਆਗੂਆਂ ਨੇ ਇਸ ਸਾਰੇ ਮਾਮਲੇ ਬਾਰੇ ਅਰਵਿੰਦ ਕੇਜਰੀਵਾਲ ਨੂੰ ਵੀ ਸ਼ਿਕਾਇਤ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਮਨ ਅਰੋੜਾ ਦੀ ਗੈਰ-ਹਾਜ਼ਰੀ ਕਾਰਨ ਪਾਰਟੀ ਨੂੰ ਗੁਰਦਾਸਪੁਰ 'ਚ ਹਿੰਦੂ ਵੋਟਰਾਂ ਅੱਗੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਪਾਰਟੀ ਦੇ ਗੁਰਦਾਸਪੁਰ 'ਚ ਉਮੀਦਵਾਰ ਸੁਰੇਸ਼ ਖਜੂਰੀਆ ਨੇ ਵੀ ਇਸ ਮਾਮਲੇ ਬਾਰੇ ਆਪਣੀ ਨਾਰਾਜ਼ਗੀ ਹਾਈਕਮਾਨ  ਅੱਗੇ ਜ਼ਾਹਿਰ ਕੀਤੀ ਹੈ।
ਉਧਰ, ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪਾਰਟੀ ਨੂੰ ਦਿੱਲੀ ਤੋਂ ਸੰਜੇ ਸਿੰਘ ਵਰਗੇ ਉਨ੍ਹਾਂ ਆਗੂਆਂ ਨੂੰ ਸੱਦਣਾ ਪੈ ਰਿਹਾ ਹੈ, ਜਿਨ੍ਹਾਂ 'ਤੇ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਮਗਰੋਂ ਖੁਦ ਪੰਜਾਬ ਦੇ ਆਗੂਆਂ ਨੇ ਹਾਰ ਦਾ ਭਾਂਡਾ ਭੰਨਿਆ ਸੀ। ਅਜਿਹੀ ਹਾਲਤ 'ਚ ਨਾਰਾਜ਼ ਪਾਰਟੀ ਆਗੂਆਂ ਵਲੋਂ ਹਾਈਕਮਾਨ ਨੂੰ ਕਿਹਾ ਗਿਆ ਹੈ ਕਿ ਗੁਰਦਾਸਪੁਰ 'ਚ ਕਈ ਅਜਿਹੇ ਇਲਾਕੇ ਹਨ, ਜੋ ਹਿੰਦੂ ਬਹੁਮਤ ਵਾਲੇ ਹਨ, ਜਿਨ੍ਹਾਂ 'ਚ ਅਮਨ ਅਰੋੜਾ ਅਹਿਮ ਰੋਲ ਅਦਾ ਕਰ ਸਕਦੇ ਸਨ, ਜੋ ਉਨ੍ਹਾਂ ਨੇ ਨਹੀਂ ਕੀਤਾ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਅਮਨ ਅਰੋੜਾ ਨੂੰ ਪਾਰਟੀ ਹਾਈਕਮਾਨ ਅੱਗੇ ਹਾਜ਼ਰੀ ਭਰਨੀ ਪੈ ਸਕਦੀ ਹੈ।
ਟੁੱਟਦੇ ਨਾਤੇ ਪਾਰਟੀ ਲਈ ਸਿਰਦਰਦੀ ਬਣੇ
ਦੂਜਾ ਫੈਕਟਰ ਜੋ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲਗਾਤਾਰ ਧੁੰਦਲਾ ਬਣਾ ਰਿਹਾ ਹੈ, ਉਹ ਹੈ ਪਾਰਟੀ ਦੇ ਉਹ ਆਗੂ, ਜੋ ਭਖੇ ਹੋਏ ਚੋਣ ਅਖਾੜੇ ਵਿਚ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਹਨ। 'ਆਪ' ਲਈ ਅੰਦਰੂਨੀ ਧੜੇਬੰਦੀ ਦਰਮਿਆਨ ਲਗਾਤਾਰ ਪਾਰਟੀ ਤੋਂ ਟੁੱਟ ਕੇ ਇਧਰ-ਉਧਰ ਜਾ ਰਹੇ ਆਗੁਆਂ ਕਾਰਨ ਪ੍ਰੇਸ਼ਾਨੀ ਵਧੀ ਹੋਈ ਹੈ। ਗੁਰਦਾਸਪੁਰ ਉਪ-ਚੋਣ 'ਤੇ ਅਜਿਹੇ ਆਗੂਆਂ ਦਾ ਲਗਾਤਾਰ ਮਾੜਾ ਪ੍ਰਭਾਵ ਪੈ ਰਿਹਾ ਹੈ, ਜੋ ਪਾਰਟੀ ਛੱਡ ਕੇ ਜਾ ਰਹੇ ਹਨ। ਇਥੋਂ ਤਕ ਕਿ ਗੁਰਦਾਸਪੁਰ 'ਚ ਅਸੈਂਬਲੀ ਚੋਣਾਂ ਦੌਰਾਨ 9 ਉਮੀਦਵਾਰਾਂ 'ਚੋਂ ਗੁਰਪ੍ਰੀਤ ਘੁੱਗੀ (ਬਟਾਲਾ), ਕੰਵਲਪ੍ਰੀਤ ਕਾਕੀ (ਕਾਦੀਆਂ), ਕੁਲਭੂਸ਼ਣ ਮਿਨਹਾਸ (ਸੁਜਾਨਪੁਰ) ਅਤੇ ਜੁਗਿੰਦਰ ਸਿੰਘ ਛੀਨਾ (ਦੀਨਾਨਗਰ) ਦੇ ਨਾਲ-ਨਾਲ 9 ਸੀਟਾਂ 'ਤੇ ਚੋਣ ਇੰਚਾਰਜ ਰਹੇ ਲਖਵੀਰ ਸਿੰਘ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਤੋਂ ਇਲਾਵਾ ਪਾਰਟੀ ਦੇ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਤੋਂ ਹੀ ਪਾਰਟੀ 'ਚੋਂ ਬਾਹਰ ਹਨ।
ਸੂਤਰ ਦੱਸਦੇ ਹਨ ਕਿ ਕਈ ਹੋਰ ਆਗੂ 11 ਅਕਤੂਬਰ ਤੋਂ ਪਹਿਲਾਂ ਪਾਰਟੀ 'ਚੋਂ ਬਾਹਰ ਜਾ ਸਕਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਿਰਫ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੀ ਮਦਦ ਨਾਲ ਪਾਰਟੀ ਇਹ ਉਪ-ਚੋਣ ਜਿੱਤ ਸਕੇਗੀ?


Related News