ਵਿਵਾਦਾਂ ’ਚ ਘਿਰੇ ‘ਆਪ’ ਦੇ ਸਾਬਕਾ MLA ਅਮਰਜੀਤ ਸਿੰਘ ਸੰਦੋਆ, ਇਨੋਵਾ ਗੱਡੀ ਨੂੰ ਲੈ ਕੇ ਵਿਜੀਲੈਂਸ ਦੀ ਰਾਡਾਰ ’ਤੇ
Monday, Aug 29, 2022 - 06:56 PM (IST)
ਰੋਪੜ- ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਜ਼ਮੀਨ ਘਪਲੇ ’ਚ ਫਸ ਗਏ ਹਨ। ਰੋਪੜ ਦੇ ਪਿੰਡ ਕਰੂਰਾਂ ’ਚ ਹੋਏ ਘਪਲੇ ਦੇ ਪੈਸਿਆਂ ਨਾਲ ਉਨ੍ਹਾਂ ਦੀ ਇਨੋਵਾ ਗੱਡੀ ਖ਼ਰੀਦੀ ਗਈ ਸੀ। ਵਿਜੀਲੈਂਸ ਜਾਂਚ ’ਚ ਇਸ ਦਾ ਖ਼ੁਲਾਸਾ ਹੋਣ ਤੋਂ ਬਾਅਦ ਐੱਸ. ਡੀ. ਐੱਮ. ਨੇ ਇਨੋਵਾ ਦੀ ਰਜਿਸਟਰੇਸ਼ਨ ਜ਼ਬਤ ਕਰ ਲਈ ਹੈ। ਹਾਲਾਂਕਿ ਸਾਬਕਾ ਵਿਧਾਇਕ ਨੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ। ਉਥੇ ਹੀ ਕਾਂਗਰਸ ਨੇ ‘ਆਪ’ ਨੂੰ ਘੇਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਵਿਧਾਇਕ ਸੰਦੋਆ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
2 ਮਹੀਨੇ ਪਹਿਲਾਂ ਹੀ ਹੋਇਆ ਸੀ ਘਪਲੇ ਦਾ ਖ਼ੁਲਾਸਾ
ਵਿਜੀਲੈਂਸ ਨੇ 2 ਮਹੀਨੇ ਪਹਿਲਾਂ ਰੋਪੜ ’ਚ ਜੰਗਲਾਤ ਮਹਿਕਮੇ ਦੀ ਜ਼ਮੀਨ ਕਲੈਕਟਰ ਰੇਟ ਤੋਂ 10 ਗੁਣਾ ਜ਼ਿਆਦਾ ਰੇਟ ’ਤੇ ਵੇਚਣ ਦਾ ਘਪਲਾ ਬੇਨਕਾਬ ਕੀਤਾ ਸੀ। ਇਸ ਦੀ ਜਾਂਚ ’ਚ ਪਤਾ ਲੱਗਾ ਸੀ ਕਿ ਸਾਬਕਾ ਵਿਧਾਇਕ ਪਿਛਲੇ ਇਕ ਸਾਲ ਤੋਂ ਜਿਸ ਇਨੋਵਾ ਕ੍ਰਿਸਟਾ ਗੱਡੀ ਦੀ ਵਰਤੋਂ ਕਰ ਰਹੇ ਹਨ, ਉਹ ਘਪਲੇ ਦੇ ਪੈਸੇ ਨਾਲ ਖ਼ਰੀਦੀ ਗਈ ਹੈ। ਇਹ ਕਾਰ ਸੰਦੋਆ ਦੇ ਰਿਸ਼ਤੇਦਾਰ ਨੇ ਖ਼ਰੀਦੀ ਸੀ। ਘਪਲੇ ਦੇ ਮੁਲਜ਼ਮ ਦੇ ਖ਼ਾਤੇ ’ਚੋਂ ਇਹ ਰਕਮ ਸਿੱਧੀ ਡੀਲਰ ਦੇ ਖ਼ਾਤੇ ’ਚ ਟਰਾਂਸਫਰ ਹੋਈ, ਜਿਸ ਤੋਂ ਬਾਅਦ ਇਹ ਕਾਰ ਖ਼ਰੀਦੀ ਗਈ।
ਇਹ ਵੀ ਪੜ੍ਹੋ: ਅੱਜ ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦਾ CM ਮਾਨ ਕਰਨਗੇ ਉਦਘਾਟਨ, ਇਹ ਰਸਤੇ ਰਹਿਣਗੇ ਬੰਦ
ਵਿਜੀਲੈਂਸ ਨੇ ਇੰਝ ਫੜੀ ਮਨੀ ਟ੍ਰੇਲ
ਵਿਜੀਲੈਂਸ ਨੇ ਬੈਂਕ ਖ਼ਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘਪਲੇ ’ਚ ਨਾਮਜ਼ਦ ਭਿੰਡਰ ਬ੍ਰਦਰਜ਼ ਨੇ ਜਲੰਧਰ ਦੀ ਇਕ ਔਰਤ ਦੇ ਖ਼ਾਤੇ ’ਚ 2 ਕਰੋੜ ਰੁਪਏ ਜਮ੍ਹਾ ਕਰਵਾਏ। ਔਰਤ ਨੇ ਇਸ ’ਚੋਂ ਕੁਝ ਰਕਮ ਆਪਣੇ ਪਤੀ ਬਰਿੰਦਰ ਕੁਮਾਰ ਦੇ ਖ਼ਾਤੇ ’ਚ ਪਾ ਦਿੱਤੀ। ਬਰਿੰਦਰ ਨੇ 16 ਅਕਤੂਬਰ 2020 ਨੂੰ ਇਕ ਕਾਰ ਡੀਲਰ ਦੇ ਖ਼ਾਤੇ ’ਚ 19 ਲੱਖ ਰੁਪਏ ਟਰਾਂਸਫਰ ਕੀਤੇ, ਜਿਸ ਦੇ ਬਾਅਦ ਇਨੋਵਾ ਕ੍ਰਿਸਟਾ ਗੱਡੀ ਖ਼ਰੀਦੀ ਗਈ। ਕਾਰ ਦੀ ਰਜਿਸਟਰੇਸ਼ਨ ਪਿੰਡ ਘੜੀਸਪੁਰ ਦੇ ਮੋਹਨ ਸਿੰਘ ਦੇ ਨਾਂ ’ਤੇ ਹੋਈ। ਮੋਹਨ ਸਿੰਘ ਸਾਬਕਾ ‘ਆਪ’ ਵਿਧਾਇਕ ਸੰਦੋਆ ਦੇ ਸਹੁਰਾ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਕਿਆ ਵੱਡਾ ਕਦਮ
ਸੰਦੋਆ ਬੋਲੇ-ਵਿਰੋਧੀਆਂ ਦੀ ਸਾਜਿਸ਼
ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਹ ਸਭ ਵਿਰੋਧੀਆਂ ਦੀ ਸਾਜਿਸ਼ ਹੈ। ਉਹ ਬੇਕਸੂਰ ਹਨ। ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਨੇ ਇਸ ਬਾਰੇ ਦੱਸ ਦਿੱਤਾ ਹੈ। ਇਨੋਵਾ ਗੱਡੀ ਉਨ੍ਹਾਂ ਦੇ ਸਹੁਰੇ ਨੇ ਇਸਤੇਮਾਲ ਕਰਨ ਲਈ ਦਿੱਤੀ ਸੀ। ਉਨ੍ਹਾਂ ਨੇ ਕਦੇ ਵੀ ਸਹੁਰੇ ਦੀ ਆਮਦਨ ਦੇ ਸਰੋਤ ਬਾਰੇ ਨਹੀਂ ਪੁੱਛਿਆ। ਉਨ੍ਹਾਂ ਦੇ ਸਹੁਰੇ ਪਰਿਵਾਰ ਨੇ ਪਹਿਲਾਂ ਵੀ ਕਾਰੋਬਾਰ ਸਥਾਪਤ ਕਰਨ ’ਚ ਉਨ੍ਹਾਂ ਦੀ ਮਦਦ ਕੀਤੀ ਹੈ।
ਸੁਖਪਾਲ ਖਹਿਰਾ ਬੋਲੇ-ਵੇਖਦੇ ਹਾਂ ਮੁੱਖ ਮੰਤਰੀ ਕੀ ਲੈਣਗੇ ਐਕਸ਼ਨ
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਹੁਣ ਇਹ ਵੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸਾਬਕਾ ਵਿਧਾਇਕ ਵਿਰੁੱਧ ਕੀ ਕਾਰਵਾਈ ਕਰਦੇ ਹਨ? ਅਮਰਜੀਤ ਸਿੰਘ ਸੰਦੋਆ ਨੇ ਫਾਰੈਸਟ ਸਕੈਮ ਦੇ ਦਾਗੀ ਅਫ਼ਸਰ ਵੱਲੋਂ ਦਿੱਤੇ ਗਏ ਪੈਸਿਆਂ ਨਾਲ ਕਾਰ ਖ਼ਰੀਦੀ। ਕਾਰਵਾਈ ਨਹੀਂ ਤਾਂ ਫਿਰ ਮੁੱਖ ਮੰਤਰੀ ਮਾਨ ਸਿਰਫ਼ ਆਪਣੇ ਸਿਆਸੀ ਵਿਰੋਧੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।
ਉਥੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਸਰਕਾਰ ਦਾ ਭ੍ਰਿਸ਼ਟਾਚਾਰ ’ਤੇ ਜ਼ੀਰੋ ਟਾਲਰੈਂਸ ਹੈ। ਉਹ ਭਾਵੇਂ ਕੋਈ ਆਪਣਾ ਹੋਵੇ ਭਾਵੇਂ ਦੂਜਾ, ਕਿਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਸੰਦੋਆ ਆਪਣਾ ਪੱਖ ਰੱਖ ਸਕਦੇ ਹਨ। ਜੇਕਰ ਇਹ ਸਹੀ ਹੈ ਤਾਂ ਅਮਰਜੀਤ ਸੰਦੋਆ ’ਤੇ ਇਹ ਕਾਂਗਰਸ ਦਾ ਅਸਰ ਹੋਵੇਗਾ ਕਿਉਂਕਿ ਉਹ ਉਦੋਂ ਕਾਂਗਰਸ ’ਚ ਚਲੇ ਗਏ ਸਨ। ਇਹ ਕਾਂਗਰਸ ਕਲਚਰ ਦੀ ਦੇਣ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨਸਾਨਾਂ ਤੋਂ ਬਾਅਦ ਹੁਣ ਝੋਨੇ ਤੇ ਗੰਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦਾ ਵੱਡਾ ਹਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ