8 ਸਾਲਾਂ ’ਚ ਹੋਈਆਂ 5 ਉਪ ਚੋਣਾਂ ’ਚ ਜਿੱਤ ਦਾ ਖਾਤਾ ਤੱਕ ਨਹੀਂ ਖੋਲ੍ਹ ਸਕੀ ‘ਆਪ’

Monday, Jun 27, 2022 - 03:13 PM (IST)

8 ਸਾਲਾਂ ’ਚ ਹੋਈਆਂ 5 ਉਪ ਚੋਣਾਂ ’ਚ ਜਿੱਤ ਦਾ ਖਾਤਾ ਤੱਕ ਨਹੀਂ ਖੋਲ੍ਹ ਸਕੀ ‘ਆਪ’

*2 ਲੋਕ ਸਭਾ ਅਤੇ 3 ਵਿਧਾਨ ਸਭਾ ਚੋਣਾਂ ’ਚ ਦੇਖਿਆ ਹਾਰ ਦਾ ਮੂੰਹ

ਲੁਧਿਆਣਾ (ਵਿੱਕੀ) : ਪੰਜਾਬ ਵਿਧਾਨ ਸਭਾ ਚੋਣ ’ਚ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਦੇ ਲਈ ਉਪ ਚੋਣ ’ਚ ਕਿਸਮਤ ਨੇ ਫਿਰ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦਿੱਤਾ। ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦ ਆਮ ਆਦਮੀ ਪਾਰਟੀ ਨੂੰ ਉਪ ਚੋਣ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਹੋਈਆਂ 4 ਉਪ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਵਾਰ ਵੀ ਇਹ ਰਿਕਾਰਡ ਬਰਕਰਾਰ ਰਿਹਾ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ 8 ਸਾਲਾਂ ’ਚ ਪੰਜਾਬ ਵਿਚ ਹੋਈਆਂ 3 ਵਿਧਾਨ ਸਭਾ ਅਤੇ 2 ਲੋਕ ਸਭਾ ਉਪ ਚੋਣਾਂ ’ਚ ਹਾਰ ਦਾ ਮੂੰਹ ਦੇਖ ਚੁੱਕੀ ਹੈ। ਦੱਸ ਦੇਈਏ ਕਿ 2014 ਤੋਂ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਵਿਚ ਅਰੁਣ ਜੇਟਲੀ ਖ਼ਿਲਾਫ਼ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਪਟਿਆਲਾ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਉਪ ਚੋਣ ਹਾਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ।

ਇਹ ਵੀ ਪੜ੍ਹੋ : 2019 ’ਚ ਆਪਣੀ ਜ਼ਮਾਨਤ ਤਕ ਨਹੀਂ ਬਚਾਅ ਸਕੇ ਸਨ ਸਿਮਰਨਜੀਤ ਸਿੰਘ ਮਾਨ

ਪਟਿਆਲਾ ’ਚ ਵਿਧਾਨ ਸਭਾ ਸੀਟ ਲਈ ਹੋਈ ਉਪ ਚੋਣ ਵਿਚ ‘ਆਪ’ ਵਲੋਂ ਚੋਣ ਲੜੇ ਹਰਜੀਤ ਸਿੰਘ ਅਦਾਲਤੀਵਾਲ ਨੂੰ ਕੇਵਲ 5634 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਇਸ ਸੀਟ ਤੋਂ ਜੇਤੂ ਰਹੀ ਕਾਂਗਰਸ ਪਾਰਟੀ ਦੀ ਪਰਨੀਤ ਕੌਰ ਨੂੰ 52,967 ਵੋਟਾਂ ਮਿਲੀਆਂ। ‘ਆਪ’ ਉਮੀਦਵਾਰ ਇਸ ਮੁਕਾਬਲੇ ਵਿਚ ਤੀਜੇ ਸਥਾਨ ’ਤੇ ਰਹੇ ਸਨ। ਇਸੇ ਤਰ੍ਹਾਂ 2014 ਵਿਚ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਲਈ ਉਪ ਚੋਣ ਵਿਚ ਅਕਾਲੀ ਦਲ ਵਲੋਂ ਜਿੱਤੇ ਮਹਿੰਦਰ ਸਿੰਘ ਨੇ ਕਾਂਗਰਸ ਦੇ ਹਰਮਿੰਦਰ ਜੱਸੀ ਨੂੰ 46,642 ਵੋਟਾਂ ਨਾਲ ਹਰਾਇਆ ਸੀ। ਇਸ ਚੋਣ ’ਚ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ 13,899 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਸਥਾਨ ’ਤੇ ਰਹੀ ਸੀ। 2017 ਵਿਚ ਗੁਰਦਾਸਪੁਰ ਲੋਕ ਸਭਾ ਸੀਟ ਲਈ ਉਪ ਚੋਣ ਵਿਚ ਵੀ ਪਾਰਟੀ ਆਪਣਾ ਕ੍ਰਿਸ਼ਮਾ ਨਹੀਂ ਦਿਖਾ ਸੀ। ਇਸ ਚੋਣ ਵਿਚ ਵੀ ਪਾਰਟੀ ਮੁਕਾਬਲੇ ਤੋਂ ਬਾਹਰ ਨਜ਼ਰ ਆਈ। ਕਾਂਗਰਸ ਦੇ ਤਤਕਾਲੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਲਗਭਗ 1.94 ਲੱਖ ਵੋਟਾਂ ਨਾਲ ਹਰਾਇਆ ਸੀ। ਇਸ ਉਪ ਚੋਣ ’ਚ ‘ਆਪ’ ਉਮੀਦਵਾਰ ਸੁਰੇਸ਼ ਖਜੂਰੀਆ ਮਹਿਜ 23,597 ਵੋਟ ਲੈ ਸਕੇ ਸੀ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਸੀਟ 'ਤੇ ਸਿਮਰਨਜੀਤ ਸਿੰਘ ਮਾਨ ਦਾ ਕਬਜ਼ਾ, ਅੰਕੜਿਆਂ 'ਚ ਜਾਣੋ 2014 ਤੋਂ ਹੁਣ ਤੱਕ ਦੇ ਨਤੀਜੇ    

ਹੁਣ ਗੱਲ ਕਰੀਏ ਤਾਂ 2019 ’ਚ ਦਾਖਾ ਵਿਧਾਨ ਸਭਾ ਸੀਟ ਲਈ ਹੋਈ ਉਪ ਚੋਣ ’ਚ ਵੀ ਪਾਰਟੀ ਚੋਣ ਹਾਰ ਗਈ ਸੀ। ਇਸ ਤੋਂ ਪਹਿਲਾ ਇਸ ਸੀਟ ’ਤੇ ਆਮ ਆਦਮੀ ਪਾਰਟੀ ਦੇ ਹੀ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਦੇ ਅਸਤੀਫੇ ਦੇਣ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਹੋਈਆਂ ਉਪ ਚੋਣਾਂ ’ਚ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਜਿੱਤ ਦਰਜ ਕੀਤੀ ਸੀ। ਇਆਲੀ ਨੇ 66,297 ਵੋਟਾਂ ਹਾਸਲ ਕਰ ਕੇ ਬਾਜ਼ੀ ਮਾਰਦੇ ਹੋਏ ਕਾਂਗਰਸ ਦੇ ਸੰਦੀਪ ਸੰਧੂ ਨੂੰ ਕਰਾਰੀ ਮਾਤ ਦਿੱਤੀ। ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ 8441 ਅਤੇ ‘ਆਪ’ ਦੇ ਅਮਨਦੀਪ ਸਿੰਘ ਮੋਹੀ ਮਾਤਰ 2804 ਵੋਟਾਂ ਹੀ ਪ੍ਰਾਪਤ ਕਰ ਸਕੇ। ਹੁਣ ਭਗਵੰਤ ਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ’ਤੇ ਹੋਈ ਚੋਣ ’ਚ ‘ਆਪ’ ਫਿਰ ਤੋਂ ਹਾਰ ਗਈ ਹੈ। ਇਸ ਸੀਟ ਦੇ ਲਈ ਐਤਵਾਰ ਨੂੰ ਐਲਾਨੇ ਰਿਜ਼ਲਟ ’ਚ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News