'ਆਪ' ਨੂੰ ਵੱਡਾ ਝਟਕਾ, ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ 'ਚ ਸ਼ਾਮਲ (ਵੀਡੀਓ)

Saturday, May 04, 2019 - 06:50 PM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਹੋਰ ਝਟਕਾ ਲੱਗਾ ਹੈ। ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਦੋਆ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਸੰਦੋਆ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਨਾਲ ਲੁਕਣ ਮੀਟੀ ਖੇਡ ਰਹੇ ਸਨ। ਇਸ ਤੋਂ ਪਹਿਲਾਂ ਵੀ ਸੰਦੋਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾ ਛਿੜੀ ਸੀ, ਜਿਸ ਨੂੰ ਸੰਦੋਆ ਨੇ ਇਹ ਆਖ ਕੇ ਰੱਦ ਕਰ ਦਿਤਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਹ ਕਦੇ ਵੀ ਕੇਜਰੀਵਾਲ ਦਾ ਸਾਥ ਨਹੀਂ ਛੱਡਣਗੇ। 

PunjabKesari
ਸੰਦੋਆ ਦੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸੂਬੇ 'ਚ 'ਆਪ' ਦੀ ਸਥਿਤੀ ਹੋਰ ਵੀ ਕਮਜ਼ੋਰ ਹੋ ਗਈ ਹੈ। ਇਸ ਤੋਂ ਪਹਿਲਾਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਜਦਕਿ ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਹੁਣ ਤਕ 20 'ਚੋਂ 5 ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਹਨ। ਸੰਦੋਆ ਦੇ ਪਾਰਟੀ ਨੂੰ ਅਲਵਿਦਾ ਆਖਣ ਤੋਂ ਬਾਅਦ ਪਾਰਟੀ ਦੇ ਵਿਰੋਧੀ ਧਿਰ ਦੇ ਅਹੁਦੇ 'ਤੇ ਮੰਡਰਾ ਰਹੇ ਸੰਕਟ ਦੇ ਬੱਦਲ ਹੋਰ ਸੰਘਣੇ ਹੋ ਗਏ ਹਨ।

PunjabKesari
ਸੰਦੋਆ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ ਵਿਚ ਸਨ। ਇਸ ਤੋਂ ਪਹਿਲਾਂ ਸੰਦੋਆ ਉਦੋਂ ਵੀ ਵਿਵਾਦਾਂ 'ਚ ਆਏ ਸਨ ਜਦੋਂ ਜਦੋਂ ਉਹ ਰੋਪੜ ਦੇ ਨੇੜਲੇ ਇਲਾਕਿਆਂ ਵਿਚ ਨਾਜਾਇਜ਼ ਮਾਈਨਿੰਗ ਕਥਿਤ ਰੇਤ–ਮਾਫ਼ੀਆ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ, ਇਸ ਦੌਰਾਨ ਸੰਦੋਆ ਦੀ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਦੂਜੀ ਵਾਰ ਉਹ ਉਦੋਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੂੰ ਕੈਨੇਡਾ ਦੇ ਮਹਾਂਨਗਰ ਟੋਰਾਂਟੋ ਦੇ ਹਵਾਈ ਅੱਡੇ ਤੋਂ ਬੇਰੰਗ ਵਾਪਸ ਭੇਜ ਦਿੱਤਾ ਗਿਆ ਸੀ ਤੇ ਕੈਨੇਡਾ ਵਿਚ ਸਿਆਸੀ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।


author

Gurminder Singh

Content Editor

Related News